ਖੰਨਾ, 15 ਸਤੰਬਰ 2023 – ਖੰਨਾ ‘ਚ ਇਕ ਵਾਰ ਫਿਰ ਚਿੱਟਾ (ਹੈਰੋਇਨ) ਵੇਚਣ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਨੇ ਪੁਲਿਸ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਚਿੱਟਾ ਖਰੀਦਣ ਤੋਂ ਬਾਅਦ ਬਾਈਕ ‘ਤੇ ਸਵਾਰ ਹੋ ਕੇ ਵਾਪਸ ਜਾ ਰਹੇ ਨੌਜਵਾਨ ਨੂੰ ਇਲਾਕਾ ਨਿਵਾਸੀਆਂ ਨੇ ਫੜ ਲਿਆ ਅਤੇ ਦਾਅਵਾ ਕੀਤਾ ਗਿਆ ਕਿ ਚਿੱਟਾ ਉਸ ਦੀ ਜੇਬ ‘ਚੋਂ ਬਰਾਮਦ ਹੋਇਆ ਹੈ। ਇਹ ਵੀਡੀਓ ਨਸ਼ੇ ਦੀ ਤਸਕਰੀ ਲਈ ਬਦਨਾਮ ਮੀਟ ਮਾਰਕੀਟ ਨੇੜੇ ਦੀ ਹੈ।
ਜਾਣਕਾਰੀ ਅਨੁਸਾਰ ਮੀਟ ਮਾਰਕੀਟ ਨੇੜੇ ਚਿੱਟੇ ਦੀ ਵਿਕਰੀ ਨੂੰ ਲੈ ਕੇ ਆਸ-ਪਾਸ ਦੇ ਲੋਕ ਪ੍ਰੇਸ਼ਾਨ ਹਨ। ਇਸ ਸਬੰਧੀ ਇਲਾਕਾ ਵਾਸੀਆਂ ਨੇ ਖੁਦ ਜਾਲ ਵਿਛਾ ਦਿੱਤਾ। ਵੀਰਵਾਰ ਨੂੰ ਜਦੋਂ ਇਕ ਨੌਜਵਾਨ ਚਿਕਨ ਖਰੀਦਣ ਲਈ ਬਾਈਕ ‘ਤੇ ਮੀਟ ਮਾਰਕੀਟ ਨੇੜੇ ਆਇਆ ਤਾਂ ਉਸ ਨੂੰ ਫੜ ਲਿਆ ਗਿਆ। ਬਾਈਕ ਸਵਾਰ ਦੀ ਹੇਠਲੀ ਜੇਬ ਵਿਚੋਂ ਚਿੱਟੇ ਦੀ ਪੁੜੀ ਮਿਲੀ। ਬਾਅਦ ਵਿੱਚ ਇਸ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਥਾਣਾ ਸਿਟੀ 2 ਦੇ ਐਡੀਸ਼ਨਲ ਐਸਐਚਓ ਜਗਤਾਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ’ਤੇ ਪੁੱਜੀ। ਉਥੇ ਹੀ ਬਾਈਕ ਸਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਲਲਹੇੜੀ ਪਿੰਡ ਦਾ ਰਹਿਣ ਵਾਲਾ ਹੈ। ਜੋ ਹੈਰੋਇਨ ਦਾ ਆਦੀ ਹੈ। ਉਸ ਕੋਲੋਂ ਹੈਰੋਇਨ ਬਰਾਮਦ ਨਹੀਂ ਹੋਈ। ਹੈਰੋਇਨ ਦਾ ਸਮਾਨ ਬਰਾਮਦ ਹੋਇਆ। ਜਿਸ ਕਾਰਨ ਹੈਰੋਇਨ ਸੇਵਨ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਐਡੀਸ਼ਨਲ ਐਸ.ਐਚ.ਓ ਨੇ ਦੱਸਿਆ ਕਿ ਜਿਸ ਮੁਲਜ਼ਮ ਤੋਂ ਉਹ ਹੈਰੋਇਨ ਖਰੀਦਣ ਆਇਆ ਸੀ, ਉਸ ਦੀ ਭਾਲ ਕੀਤੀ ਜਾ ਰਹੀ ਹੈ।