ਰੂਪਨਗਰ, 16 ਸਤੰਬਰ 2023 – ਜ਼ਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ, ਰਮੇਸ਼ ਕੁਮਾਰੀ ਨੇ ਅੱਜ ਇੱਕ ਕੇਸ ‘ਤੇ ਸੁਣਵਾਈ ਕਰਦਿਆਂ 8 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਦੋਸ਼ੀ ਗੁਰਜੰਟ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਦੱਸਣਯੋਗ ਹੈ ਕਿ ਉਕਤ ਮਾਸੂਮ ਬੱਚੀ ਆਪਣੇ ਮਾਤਾ-ਪਿਤਾ ਨਾਲ ਸੌਂ ਰਹੀ ਸੀ ਜਦੋਂ ਦੋਸ਼ੀ ਵਿਅਕਤੀ ਉਸਨੂੰ ਉਥੋਂ ਚੁੱਕ ਕੇ ਲੈ ਗਿਆ ਅਤੇ ਫਿਰ ਇਸ ਸੰਗੀਨ ਜ਼ੁਰਮ ਨੂੰ ਅੰਜ਼ਾਮ ਦਿੱਤਾ। ਦੋਸ਼ੀ ਵਿਅਕਤੀ ਵੱਲੋਂ ਇਸ ਮਾਮਲੇ ਵਿੱਚ ਨਰਮੀ ਵਰਤਣ ਦੀ ਬੇਨਤੀ ਕੀਤੀ ਗਈ, ਪਰ ਐਲ.ਡੀ. ਸੈਸ਼ਨ ਕੋਰਟ ਨੇ ਦੇਖਿਆ ਕਿ ਇਸ ਮਾਮਲੇ ਵਿੱਚ ਦੋਸ਼ੀ ਨਾਲ ਕਿਸੇ ਵੀ ਤਰ੍ਹਾਂ ਨਰਮੀ ਨਹੀਂ ਵਰਤੀ ਜਾ ਸਕਦੀ। ਦੋਸ਼ੀ ਵੱਲੋਂ ਕੀਤੇ ਗਏ ਅਪਰਾਧ ਅਤੇ ਪੀੜਤ ਦੀ ਨਾਬਾਲਗ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਦੋਸ਼ੀ ਨੂੰ ਉਮਰ ਕੈਦ ਭਾਵ ਰਹਿੰਦੀ ਉਮਰ ਲਈ ਕੈਦ ਦੀ ਸਜ਼ਾ ਸੁਣਾਈ ਗਈ।
ਇਸ ਜ਼ੁਰਮ ਲਈ ਦੋਸ਼ੀ ਨੂੰ ਪੋਕਸੋ ਐਕਟ ਦੀ ਧਾਰਾ 6 ਤਹਿਤ 2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਅਤੇ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਹੋਰ 6 ਸਾਲ ਦੀ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। ਦੋਸ਼ੀ ਵਿਅਕਤੀ ਵੱਲੋਂ ਜੁਰਮਾਨਾ ਜਮ੍ਹਾਂ ਕਰਨ ‘ਤੇ ਇਹ ਰਾਸ਼ੀ ਤੁਰੰਤ ਪੀੜਤ ਨੂੰ ਅਦਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਦੋਸ਼ੀ ਵਿਅਕਤੀ ਖਿਲਾਫ਼ ਆਈ.ਪੀ.ਸੀ. ਦੀ ਧਾਰਾ 376 (2) (I) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ, 2012 ਦੀ ਧਾਰਾ 6 ਤਹਿਤ ਅਪਰਾਧ ਲਈ ਮੁਕੱਦਮਾ ਚਲਾਇਆ ਜਾ ਰਿਹਾ ਹੈ।