- ਅਗਲੇ ਦਿਨ ਮਿਲੀ ਲਾ+ਸ਼
ਮਣੀਪੁਰ, 18 ਸਤੰਬਰ 2023 – ਮਣੀਪੁਰ ‘ਚ ਸ਼ਨੀਵਾਰ (16 ਸਤੰਬਰ) ਨੂੰ ਫੌਜ ਦੇ ਇਕ ਜਵਾਨ ਦੀ ਸਿਰ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਦੀ ਲਾਸ਼ ਅਗਲੇ ਦਿਨ ਪੂਰਬੀ ਇੰਫਾਲ ਦੇ ਪਿੰਡ ਖੁਨਿੰਗਥੇਕ ਤੋਂ ਮਿਲੀ।
ਮ੍ਰਿਤਕ ਫੌਜੀ ਦੀ ਪਛਾਣ ਸੇਰਟੋ ਥੈਂਗਥਾਂਗ ਕੋਮ (44) ਵਜੋਂ ਹੋਈ ਹੈ। ਉਹ ਪੱਛਮੀ ਇੰਫਾਲ ਦੇ ਤਰੰਗ ਦਾ ਵਸਨੀਕ ਸੀ ਅਤੇ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਰੱਖਿਆ ਸੁਰੱਖਿਆ ਕੋਰ (ਡੀਐਸਸੀ) ਵਿੱਚ ਤਾਇਨਾਤ ਸੀ।
ਉਹ ਛੁੱਟੀਆਂ ਮਨਾਉਣ ਘਰ ਆਇਆ ਸੀ ਜਦੋਂ ਸ਼ਨੀਵਾਰ ਸਵੇਰੇ ਕਰੀਬ 10 ਵਜੇ ਤਿੰਨ ਹਥਿਆਰਬੰਦ ਅਪਰਾਧੀਆਂ ਨੇ ਉਸ ਨੂੰ ਘਰੋਂ ਅਗਵਾ ਕਰ ਲਿਆ, ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਕਿਸੇ ਹੋਰ ਜ਼ਿਲ੍ਹੇ ਵਿੱਚ ਸੁੱਟ ਦਿੱਤਾ।
ਮ੍ਰਿਤਕ ਦੇ ਭਰਾ ਪਚੁੰਗ (50) ਨੇ ਦੱਸਿਆ ਕਿ ਸੇਰਟੋ ਇੱਕ ਦਿਨ ਪਹਿਲਾਂ ਹੀ ਘਰ ਆਇਆ ਸੀ। ਉਸ ਦੇ ਭਾਈ ਦੀ ਮੌਤ ਤੋਂ ਬਾਅਦ, ਉਹ ਹੁਣ ਆਪਣੀ 31 ਸਾਲ ਦੀ ਪਤਨੀ, 12 ਸਾਲ ਦੀ ਬੇਟੀ ਅਤੇ 8 ਸਾਲ ਦਾ ਬੇਟਾ ਹੀ ਪਰਿਵਾਰ ‘ਚ ਰਹਿ ਗਏ ਹਨ।
ਪਚੁੰਗ ਨੇ ਇਹ ਵੀ ਦੱਸਿਆ ਕਿ ਸੇਰਟੋ ਦੇ ਬੇਟੇ ਨੇ ਉਸ ਨੂੰ ਅਗਵਾ ਹੁੰਦੇ ਦੇਖਿਆ ਸੀ। ਬੇਟੇ ਨੇ ਪਚੁੰਗ ਨੂੰ ਦੱਸਿਆ ਸੀ ਕਿ ਚਿੱਟੇ ਰੰਗ ਦੀ ਕਾਰ ‘ਚ ਸਵਾਰ ਤਿੰਨ ਲੋਕ ਉਸ ਦੇ ਪਿਤਾ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਸਨ।
ਜਦੋਂ ਤੱਕ ਪਰਿਵਾਰ ਵਾਹਨ ਦਾ ਨੰਬਰ ਨੋਟ ਕਰਦਾ, ਬਦਮਾਸ਼ ਫਰਾਰ ਹੋ ਚੁੱਕੇ ਸਨ। ਇਸ ਤੋਂ ਬਾਅਦ ਪਚੁੰਗ ਨੇ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ। ਸੇਰਟੋ ਦੀ ਲਾਸ਼ ਅਗਲੇ ਦਿਨ ਸਵੇਰੇ 9:30 ਵਜੇ ਮਿਲੀ।
ਇਸ ਬਾਰੇ ਫੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੌਜੀ ਦਾ ਅੰਤਿਮ ਸਸਕਾਰ ਪਰਿਵਾਰ ਦੀ ਇੱਛਾ ਅਨੁਸਾਰ ਕੀਤਾ ਜਾਵੇਗਾ। ਫੌਜ ਨੇ ਵੀ ਪਰਿਵਾਰ ਦੀ ਮਦਦ ਲਈ ਟੀਮ ਭੇਜੀ ਹੈ।
ਪਚੁੰਗ ਨੇ ਦੱਸਿਆ ਕਿ ਮਨੀਪੁਰ ਵਿੱਚ ਕੁਕੀ ਅਤੇ ਮੇਤੀ ਭਾਈਚਾਰਿਆਂ ਵਿੱਚ ਲੜਾਈ ਚੱਲ ਰਹੀ ਹੈ, ਪਰ ਅਸੀਂ ਕੋਮ ਭਾਈਚਾਰੇ ਤੋਂ ਆਉਂਦੇ ਹਾਂ। ਕੋਮ ਭਾਈਚਾਰਾ ਮਨੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਵਿੱਚ ਮਦਦ ਕਰ ਰਿਹਾ ਹੈ। ਇਸ ਲਈ ਮੈਨੂੰ ਮੇਰੇ ਭਰਾ ਦੇ ਅਗਵਾ ਅਤੇ ਕਤਲ ਬਾਰੇ ਕੁਝ ਸਮਝ ਨਹੀਂ ਆਉਂਦਾ। ਸਾਨੂੰ ਨਹੀਂ ਪਤਾ ਕਿ ਕਤਲ ਕਿਸਨੇ ਕੀਤਾ ਹੈ। ਅਜਿਹਾ ਨਹੀਂ ਹੈ ਕਿ ਅਸੀਂ ਕਿਸੇ ‘ਤੇ ਸ਼ੱਕ ਕਰਦੇ ਹਾਂ। ਅਸੀਂ ਭਲਕੇ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਕਿਹਾ ਹੈ। ਸਾਡੀ ਮੰਗ ਹੈ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਅਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ |
ਕਬਾਇਲੀ ਏਕਤਾ ਕਮੇਟੀ ਨੇ ਕਿਹਾ ਹੈ ਕਿ ‘ਇੰਫਾਲ ਘਾਟੀ ‘ਚ ਦਿਨ-ਦਿਹਾੜੇ ਵਾਪਰੀ ਇਹ ਵਹਿਸ਼ੀ ਘਟਨਾ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਹਥਿਆਰਬੰਦ ਮੈਤਈ ਸ਼ਰਾਰਤੀ ਅਨਸਰ ਘਾਟੀ ‘ਚ ਬਿਨਾਂ ਕਿਸੇ ਡਰ ਦੇ ਘੁੰਮ ਰਹੇ ਹਨ। ਉਹ ਬਿਨਾਂ ਕਿਸੇ ਡਰ ਤੋਂ ਅਜਿਹੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਇਹ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਮਨੀਪੁਰ ਨੂੰ ਲੋਕਤੰਤਰੀ ਤੌਰ ‘ਤੇ ਚੁਣੀ ਗਈ ਸਰਕਾਰ ਦੁਆਰਾ ਨਹੀਂ ਚਲਾਇਆ ਜਾਂਦਾ ਹੈ, ਪਰ ਫਿਰਕੂ ਸੋਚ ਵਾਲੇ ਲੋਕ ਸ਼ਾਸਨ ਦੇ ਇੰਚਾਰਜ ਹਨ।
ਮਨੀਪੁਰ ਵਿੱਚ 3 ਮਈ ਤੋਂ ਮੈਤਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਹੋਈ ਹਿੰਸਾ ਵਿੱਚ ਹੁਣ ਤੱਕ 175 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ‘ਚ 1108 ਲੋਕ ਜ਼ਖਮੀ ਹਨ, 32 ਅਜੇ ਵੀ ਲਾਪਤਾ ਹਨ, ਜਦਕਿ 96 ਲਾਵਾਰਸ ਲਾਸ਼ਾਂ ਮੁਰਦਾਘਰ ‘ਚ ਪਈਆਂ ਹਨ।
ਆਈਜੀਪੀ (ਆਪ੍ਰੇਸ਼ਨਜ਼) ਆਈਕੇ ਮੁਈਵਾ ਨੇ ਸ਼ੁੱਕਰਵਾਰ ਨੂੰ ਇੰਫਾਲ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਨੀਪੁਰ ਦੇ ਇਸ ਚੁਣੌਤੀਪੂਰਨ ਸਮੇਂ ਵਿੱਚ ਅਸੀਂ ਨਾਗਰਿਕਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਪੁਲਿਸ, ਸੁਰੱਖਿਆ ਬਲ ਅਤੇ ਰਾਜ ਸਰਕਾਰ 24 ਘੰਟੇ ਉਨ੍ਹਾਂ ਦੀ ਸੁਰੱਖਿਆ ਵਿੱਚ ਲੱਗੇ ਹੋਏ ਹਨ।