- ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ 500 ਮੀਟਰ ਪਹਿਲਾਂ ਹੀ ਰੋਕਿਆ
- ਮੁੱਖ ਮੰਤਰੀ ਦੇ ਘਰ ਦੀ ਸੁਰੱਖਿਆ ਵਧਾਈ,
- ਦੋ ਵਿਦਿਆਰਥੀਆਂ ਦੀ ਹੱ+ਤਿਆ ਦੇ ਵਿਰੋਧ ‘ਚ ਪ੍ਰਦਰਸ਼ਨ ਜਾਰੀ
ਮਣੀਪੁਰ, 29 ਸਤੰਬਰ 2023 – ਮਣੀਪੁਰ ਵਿੱਚ ਦੋ ਲਾਪਤਾ ਵਿਦਿਆਰਥੀਆਂ ਦੀ ਹੱਤਿਆ ਦੇ ਵਿਰੋਧ ਵਿੱਚ ਚਾਰ ਦਿਨਾਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਵੀਰਵਾਰ ਨੂੰ ਗੁੱਸੇ ‘ਚ ਆਈ ਭੀੜ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਨਿੱਜੀ ਘਰ ‘ਤੇ ਹਮਲਾ ਕਰਨ ਲਈ ਇੰਫਾਲ ਪਹੁੰਚ ਗਈ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਘਰ ਤੋਂ ਕਰੀਬ 500 ਮੀਟਰ ਪਹਿਲਾਂ ਹੀ ਰੋਕ ਲਿਆ। ਉਨ੍ਹਾਂ ਨੂੰ ਅੱਥਰੂ ਗੈਸ ਦੇ ਗੋਲੇ ਛੱਡ ਕੇ ਭਜਾ ਦਿੱਤਾ ਗਿਆ। ਫਿਲਹਾਲ ਮੁੱਖ ਮੰਤਰੀ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਥੋਬੁਲ ਜ਼ਿਲ੍ਹੇ ਵਿੱਚ ਭਾਜਪਾ ਦਫ਼ਤਰ ਨੂੰ ਅੱਗ ਲਗਾ ਦਿੱਤੀ ਸੀ। ਦੂਜੇ ਪਾਸੇ ਇੰਫਾਲ ‘ਚ ਭਾਜਪਾ ਦੀ ਸੂਬਾ ਪ੍ਰਧਾਨ ਸ਼ਾਰਦਾ ਦੇਵੀ ਦੇ ਘਰ ‘ਤੇ ਵੀ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ ਇੰਫਾਲ ਪੱਛਮੀ ‘ਚ ਡਿਪਟੀ ਕਲੈਕਟਰ ਦੇ ਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ।
ਹੈਰਾਨੀ ਦੀ ਗੱਲ ਇਹ ਹੈ ਕਿ ਮਣੀਪੁਰ ਸਰਕਾਰ ਨੇ ਜਿਨ੍ਹਾਂ ਇਲਾਕਿਆਂ ‘ਚ ਹਿੰਸਾ ਭੜਕੀ ਹੈ, ਉਨ੍ਹਾਂ ਨੂੰ ‘ਸ਼ਾਂਤਮਈ’ ਐਲਾਨ ਦਿੱਤਾ ਹੈ।
ਵੀਰਵਾਰ ਨੂੰ ਇੰਫਾਲ ਪੱਛਮੀ ਜ਼ਿਲੇ ਦੇ ਟੇਰਾ ‘ਚ ਹਜ਼ਾਰਾਂ ਲੋਕਾਂ ਨੇ ਮ੍ਰਿਤਕ ਵਿਦਿਆਰਥੀਆਂ ਦੇ ਘਰ ਦੇ ਨੇੜੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੰਗ ਹੈ ਕਿ ਵਿਦਿਆਰਥੀਆਂ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਇਸ ਦੇ ਨਾਲ ਹੀ ਪੀੜਤ ਲੜਕੀ ਦੀ ਮਾਸੀ ਨੇ ਇੱਕ ਹਿੰਦੀ ਨਿਊਜ਼ ਵੈੱਬਸਾਈਟ ਨੂੰ ਦੱਸਿਆ ਕਿ ਉਹ ਸਿਰਫ ਬੱਚਿਆਂ ਦੀਆਂ ਲਾਸ਼ਾਂ ਚਾਹੁੰਦੀ ਹੈ ਤਾਂ ਜੋ ਉਹ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਸਕਣ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਗੱਲ ‘ਤੇ ਸਮਝੌਤਾ ਨਹੀਂ ਕਰਾਂਗੇ, ਇੱਥੋਂ ਤੱਕ ਕਿ ਆਰਥਿਕ ਮੁਆਵਜ਼ਾ ਵੀ ਉਦੋਂ ਤੱਕ ਸਵੀਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਲਾਸ਼ ਉਨ੍ਹਾਂ ਨੂੰ ਵਾਪਸ ਨਹੀਂ ਕੀਤੀ ਜਾਂਦੀ।