- 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਵਿੱਚ ਪੁਰਸ਼ ਟੀਮ ਨੇ ਜਿੱਤਿਆ ਗੋਲਡ
- 10 ਮੀਟਰ ਏਅਰ ਪਿਸਟਲ ਵਿੱਚ ਮਹਿਲਾ ਟੀਮ ਨੇ ਜਿੱਤਿਆ ਚਾਂਦੀ ਦਾ ਤਗ਼ਮਾ
ਨਵੀਂ ਦਿੱਲੀ, 29 ਸਤੰਬਰ 2023 – 19ਵੀਆਂ ਏਸ਼ੀਆਈ ਖੇਡਾਂ ਦਾ ਅੱਜ ਛੇਵਾਂ ਦਿਨ ਹੈ। ਚੀਨ ਦੇ ਹਾਂਗਜ਼ੂ ਵਿੱਚ ਸ਼ੁੱਕਰਵਾਰ ਨੂੰ 158 ਭਾਰਤੀ ਖਿਡਾਰੀ 16 ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਭਾਰਤੀ ਨਿਸ਼ਾਨੇਬਾਜ਼ਾਂ ਨੇ ਦਿਨ ਦੀ ਸ਼ੁਰੂਆਤ ਦੋ ਤਗਮਿਆਂ ਨਾਲ ਕੀਤੀ। ਐਸ਼ਵਰਿਆ ਪ੍ਰਤਾਪ ਸਿੰਘ, ਸਵਪਨਿਲ ਸੁਰੇਸ਼ ਅਤੇ ਅਖਿਲ ਸ਼ਿਓਰਾਨ ਨੇ 50 ਮੀਟਰ ਰਾਈਫਲ 3 ਪੋਜੀਸ਼ਨ ਟੀਮ ਈਵੈਂਟ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ। ਪਲਕ, ਈਸ਼ਾ ਸਿੰਘ, ਦਿਵਿਆ ਨੇ 10 ਮੀਟਰ ਏਅਰ ਪਿਸਟਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਨਾਲ ਭਾਰਤ ਨੇ 27 ਤਗਮੇ ਜਿੱਤ ਲਏ ਹਨ। ਜਿਸ ਵਿੱਚ 7 ਸੋਨ, 9 ਚਾਂਦੀ ਅਤੇ 11 ਕਾਂਸੀ ਦੇ ਤਗਮੇ ਸ਼ਾਮਲ ਹਨ।
ਭਾਰਤ ਨੇ 10 ਮੀਟਰ ਏਅਰ ਪਿਸਟਲ ਮਹਿਲਾ ਟੀਮ ਈਵੈਂਟ ਵਿੱਚ ਛੇਵੇਂ ਦਿਨ ਪਹਿਲਾ ਤਮਗਾ ਹਾਸਲ ਕੀਤਾ। ਈਸ਼ਾ ਸਿੰਘ, ਪਲਕ ਅਤੇ ਦਿਵਿਆ ਨੇ 1731 ਸਕੋਰ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਈਵੈਂਟ ‘ਚ ਚੀਨ ਦੀ ਟੀਮ ਚੋਟੀ ‘ਤੇ ਰਹੀ। ਚੀਨੀ ਟੀਮ ਨੇ 1736 ਸਕੋਰ ਕਰਕੇ ਸੋਨ ਤਮਗਾ ਜਿੱਤਿਆ। ਜਦੋਂ ਕਿ ਚੀਨੀ ਤਾਈਪੇ ਦੀ ਟੀਮ ਨੇ 1723 ਸਕੋਰ ਕਰਕੇ ਕਾਂਸੀ ਦਾ ਤਗਮਾ ਜਿੱਤਿਆ।
ਪੁਰਸ਼ ਟੀਮ ਨੇ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਵਿੱਚ ਭਾਰਤ ਦਾ 7ਵਾਂ ਸੋਨ ਤਮਗਾ ਹਾਸਲ ਕੀਤਾ। ਐਸ਼ਵਰਿਆ ਪ੍ਰਤਾਪ ਸਿੰਘ, ਅਖਿਲ ਸ਼ਿਰੋਨ ਅਤੇ ਸਵਪਨਿਲ ਸੁਰੇਸ਼ ਨੇ 1769 ਸਕੋਰ ਕਰਕੇ ਸੋਨ ਤਮਗਾ ਜਿੱਤਿਆ। ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਪੰਜਵਾਂ ਸੋਨ ਤਗ਼ਮਾ ਹੈ। ਇਸ ਈਵੈਂਟ ਵਿੱਚ ਚੀਨ ਦੀ ਟੀਮ ਨੇ 1763 ਸਕੋਰ ਕਰਕੇ ਚਾਂਦੀ ਦਾ ਤਮਗਾ ਅਤੇ ਦੱਖਣੀ ਕੋਰੀਆ ਨੇ 1748 ਸਕੋਰ ਕਰਕੇ ਕਾਂਸੀ ਦਾ ਤਗਮਾ ਜਿੱਤਿਆ।