ਚੰਡੀਗੜ੍ਹ, 29 ਸਤੰਬਰ 2023 – ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਭਾਰਤ ਤੋਂ ਬਚ ਕੇ ਅਮਰੀਕਾ ਵਿੱਚ ਸ਼ਰਨ ਲੈਣ ਦੀ ਤਿਆਰੀ ਕਰ ਰਿਹਾ ਹੈ। ਭਾਰਤੀ ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਗੋਲਡੀ ਬਰਾੜ ਕੈਲੀਫੋਰਨੀਆ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਕੈਨੇਡਾ ਵਿੱਚ ਲੁਕੇ ਖਾਲਿਸਤਾਨ ਸਮਰਥਕਾਂ ਦੇ ਦਸਤਾਵੇਜ਼ ਤਿਆਰ ਕਰਨ ਵਿੱਚ ਵੀ ਰੁੱਝਿਆ ਹੋਇਆ ਹੈ।
NIA ਨਾਲ ਜੁੜੇ ਸੂਤਰਾਂ ਮੁਤਾਬਕ ਭਾਰਤੀ ਡੋਜ਼ੀਅਰ ‘ਚ ਦੱਸਿਆ ਗਿਆ ਹੈ ਕਿ ਗੋਲਡੀ 15 ਅਗਸਤ 2017 ਨੂੰ ਕੈਨੇਡਾ ਪਹੁੰਚਿਆ ਸੀ ਅਤੇ ਬਾਅਦ ‘ਚ ਅਮਰੀਕਾ ਭੱਜਣ ‘ਚ ਕਾਮਯਾਬ ਹੋ ਗਿਆ ਸੀ। ਉਦੋਂ ਤੋਂ, ਉਹ ਕੈਲੀਫੋਰਨੀਆ ਵਿੱਚ ਇੱਕ ਨਵਾਂ ਅਧਾਰ ਸਥਾਪਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਜਾਂਚ ਤੋਂ ਬਚਣ ਲਈ ਐਨਕ੍ਰਿਪਟਡ ਸੰਚਾਰ ਦੀ ਵਰਤੋਂ ਕਰ ਰਿਹਾ ਹੈ।
ਇੱਕ ਡੋਜ਼ੀਅਰ ਵਿੱਚ ਹੋਰ ਖਾਲਿਸਤਾਨੀਆਂ ਅਤੇ ਉਨ੍ਹਾਂ ਦੇ ਸਾਥੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ ਹੈ। ਅੱਤਵਾਦੀ ਲਖਬੀਰ ਲਾਂਡਾ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਦੇ ਕਰੀਬੀ ਵਜੋਂ ਜਾਣਿਆ ਜਾਂਦਾ ਹੈ। ਲਖਬੀਰ ਨੇ 4 ਨਵੰਬਰ 2022 ਨੂੰ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਗੱਲ ਕਬੂਲੀ ਸੀ। ਉਸ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ।
ਭਾਰਤ ਸਰਕਾਰ ਨੇ ਵੀ ਕੈਨੇਡੀਅਨ ਖਾਲਿਸਤਾਨ ਸਮਰਥਕਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। 66 ਸਾਲਾ ਸਤਿੰਦਰਪਾਲ ਸਿੰਘ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਉਹ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਸੀ। ਇਸ ਵੇਲੇ ਸਤਿੰਦਰਪਾਲ ਸਿੰਘ ਵੈਨਕੂਵਰ ਵਿੱਚ ਰਹਿੰਦਾ ਹੈ।