ਮ+ਰਨ ਵਾਲਿਆਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ,
ਈਦ-ਏ-ਮਿਲਾਦ ਦੇ ਜਲੂਸ ਲਈ ਇਕੱਠੇ ਹੋ ਰਹੇ ਸਨ ਲੋਕ
ਬਲੋਚਿਸਤਾਨ, 29 ਸਤੰਬਰ 2023 – ਪਾਕਿਸਤਾਨ ਦੇ ਬਲੋਚਿਸਤਾਨ ‘ਚ ਸ਼ੁੱਕਰਵਾਰ ਨੂੰ ਇਕ ਮਸਜਿਦ ਨੇੜੇ ਆਤਮਘਾਤੀ ਹਮਲਾ ਹੋਇਆ। ਇਸ ‘ਚ 34 ਲੋਕਾਂ ਦੀ ਮੌਤ ਹੋ ਗਈ, ਜਦਕਿ 130 ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਲੋਕ ਈਦ-ਏ-ਮਿਲਾਦ-ਉਨ-ਨਬੀ ਦੇ ਜਲੂਸ ਲਈ ਇਕੱਠੇ ਹੋ ਰਹੇ ਸਨ। ਮਸਤੁੰਗ ਸ਼ਹਿਰ ਦੇ ਏਸੀ ਨੇ ਦੱਸਿਆ ਕਿ ਧਮਾਕਾ ਡੀਐਸਪੀ ਨਵਾਜ਼ ਗਿਸ਼ਕੋਰੀ ਦੀ ਕਾਰ ਕੋਲ ਹੋਇਆ।
ਜੀਓ ਨਿਊਜ਼ ਮੁਤਾਬਕ ਹਮਲੇ ਵਿੱਚ ਮਰਨ ਵਾਲਾ ਪੁਲਿਸ ਅਧਿਕਾਰੀ ਡੀਐਸਪੀ ਨਵਾਜ਼ ਹੈ। ਬਲੋਚਿਸਤਾਨ ਦੇ ਕੇਅਰਟੇਕਰ ਸੂਚਨਾ ਮੰਤਰੀ ਜਾਨ ਅਚਕਜ਼ਈ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ। ਲੋੜ ਪੈਣ ‘ਤੇ ਉਨ੍ਹਾਂ ਨੂੰ ਕਰਾਚੀ ਵੀ ਭੇਜ ਦਿੱਤਾ ਜਾਵੇਗਾ। ਜ਼ਖਮੀਆਂ ਦੇ ਇਲਾਜ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਚੁੱਕੇਗੀ।

ਅਚਕਜ਼ਈ ਨੇ ਕਿਹਾ- ਸਾਡੇ ਦੁਸ਼ਮਣ ਵਿਦੇਸ਼ੀ ਤਾਕਤਾਂ ਦੀ ਮਦਦ ਨਾਲ ਬਲੋਚਿਸਤਾਨ ‘ਚ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਲੋਚਿਸਤਾਨ ਵਿੱਚ ਸਰਕਾਰੀ ਮੰਤਰੀਆਂ ਅਤੇ ਕਈ ਹੋਰ ਨੇਤਾਵਾਂ ਨੇ ਹਮਲੇ ਦੀ ਨਿੰਦਾ ਕੀਤੀ ਹੈ।
