- 20 ਘੰਟੇ ਸਾਵਧਾਨ ਰਹਿਣ ਦੀ ਲੋੜ
ਨਵੀਂ ਦਿੱਲੀ, 30 ਸਤੰਬਰ 2023 – ਅਮਰੀਕਾ ਦੇ ਨਿਊਯਾਰਕ ‘ਚ ਸ਼ੁੱਕਰਵਾਰ ਨੂੰ ਭਾਰੀ ਬਾਰਿਸ਼ ਦੇ ਨਾਲ ਤੂਫਾਨ ਆਇਆ। ਇਸ ਕਾਰਨ ਸੜਕਾਂ, ਹਾਈਵੇਅ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ। ਇਸ ਕਾਰਨ ਲੋਕ ਕਾਰਾਂ ਅਤੇ ਘਰਾਂ ਵਿੱਚ ਫਸ ਗਏ। ਜਿਸ ਨੂੰ ਫਾਇਰ ਬ੍ਰਿਗੇਡ ਦੀ ਟੀਮ ਨੇ ਬਚਾਇਆ।
ਲਾਗਾਰਡੀਆ ਹਵਾਈ ਅੱਡੇ ‘ਤੇ ਉਡਾਣਾਂ ਨੂੰ ਦੇਰੀ ਨਾਲ ਰਵਾਨਾ ਹੋਈਆਂ। ਇਸ ਦੇ ਨਾਲ ਹੀ ਕੁਝ ਹਿੱਸਿਆਂ ‘ਚ ਮੈਟਰੋ ਸੇਵਾ ਬੰਦ ਕਰ ਦਿੱਤੀ ਗਈ। ਸਥਿਤੀ ਨੂੰ ਦੇਖਦੇ ਹੋਏ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਰਾਤ ਭਰ ਕੁਝ ਖੇਤਰਾਂ ਵਿੱਚ 5 ਇੰਚ (13 ਸੈਂਟੀਮੀਟਰ) ਤੱਕ ਮੀਂਹ ਪਿਆ। ਇਸ ਦੇ ਨਾਲ ਹੀ ਦਿਨ ਭਰ 7 ਇੰਚ (18 ਸੈਂਟੀਮੀਟਰ) ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਇਹ ਇੱਕ ਖ਼ਤਰਨਾਕ ਅਤੇ ਘਾਤਕ ਤੂਫ਼ਾਨ ਹੈ। ਸਾਨੂੰ ਅਗਲੇ 20 ਘੰਟਿਆਂ ਤੱਕ ਸਾਵਧਾਨ ਰਹਿਣ ਦੀ ਲੋੜ ਹੈ। ਸਾਰਿਆਂ ਨੂੰ ਘਰ ਰਹਿਣਾ ਚਾਹੀਦਾ ਹੈ। ਜੇਕਰ ਤੁਹਾਨੂੰ ਕਿਸੇ ਕੰਮ ਲਈ ਘਰ ਤੋਂ ਬਾਹਰ ਜਾਣਾ ਪੈ ਰਿਹਾ ਹੈ ਤਾਂ ਮੌਸਮ ਦੀ ਅਪਡੇਟ ਜ਼ਰੂਰ ਲਓ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਨਿਊਯਾਰਕ ਵਿੱਚ ਮੀਂਹ ਘੱਟ ਗਿਆ ਹੈ ਪਰ ਹੜ੍ਹਾਂ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਨਿਊਯਾਰਕ ਸਿਟੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਹੜ੍ਹ ਆ ਗਿਆ। ਜਿਨ੍ਹਾਂ ਇਲਾਕਿਆਂ ‘ਚ ਪਾਣੀ ਹੈ, ਉੱਥੇ ਰਹਿਣ ਵਾਲੇ ਲੋਕਾਂ ਨੂੰ ਉਪਰਲੀਆਂ ਮੰਜ਼ਿਲਾਂ ‘ਤੇ ਰਹਿਣ ਲਈ ਕਿਹਾ ਗਿਆ ਹੈ। ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਦੇ ਬੱਚਿਆਂ ਨੂੰ ਉਪਰਲੀਆਂ ਮੰਜ਼ਿਲਾਂ ‘ਤੇ ਭੇਜ ਦਿੱਤਾ ਗਿਆ ਹੈ। ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਅਸੀਂ ਤੂਫਾਨ ਨੂੰ ਹਲਕੇ ਵਿੱਚ ਨਹੀਂ ਲੈ ਸਕਦੇ।
ਨਿਊਜ਼ ਏਜੰਸੀ ਏਪੀ ਮੁਤਾਬਕ ਇੱਕ ਮੌਸਮ ਵਿਗਿਆਨੀ ਨੇ ਕਿਹਾ ਕਿ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ। ਗਰਮੀ ਕਾਰਨ ਵਾਯੂਮੰਡਲ ਵਿੱਚ ਤੂਫਾਨ ਬਣ ਰਹੇ ਹਨ। ਜਿਸ ਕਾਰਨ ਮੀਂਹ ਜ਼ਿਆਦਾ ਪੈ ਰਿਹਾ ਹੈ।