- ਪ੍ਰਧਾਨ ਮੰਤਰੀ ਵੱਲੋਂ ਜਨ ਭਾਗੀਦਾਰੀ ਨਾਲ ਅਵਿਕਸਤ ਬਲਾਕਾਂ ਦੇ ਸਰਬਪੱਖੀ ਵਿਕਾਸ ਲਈ ਕੰਮ ਕਰਨ ਦਾ ਸੱਦਾ
- ਐਸਪੀਰੇਸ਼ਨਲ ਬਲਾਕ ਨਿਹਾਲ ਸਿੰਘ ਵਾਲਾ ਵਿਖੇ 3 ਤੋਂ 9 ਅਕਤੂਬਰ ਤੱਕ ਚੱਲੇਗਾ ”ਸੰਕਲਪ ਸਪਤਾਹ”
- ਵੱਖ-ਵੱਖ ਵਿਭਾਗਾਂ ਦੀਆਂ ਜਾਗਰੂਕਤਾ ਗਤੀਵਿਧੀਆਂ ਹੋਣਗੀਆਂ ਆਯੋਜਿਤ
ਮੋਗਾ, 1 ਅਕਤੂਬਰ 2023 – ਦੇਸ਼ ਦੇ ਵਿਕਾਸ ਪੱਖੋਂ ਪਛੜੇ 112 ਜ਼ਿਲ੍ਹਿਆਂ ਵਿੱਚ ਚਲਾਏ ਗਏ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਦੀ ਸਫਲਤਾ ਤੋਂ ਬਾਅਦ ਨੀਤੀ ਆਯੋਗ ਨੇ ਹੁਣ ਦੇਸ਼ ਦੇ ਸਭ ਤੋਂ ਵੱਧ ਪਛੜੇ ਹੋਏ 500 ਬਲਾਕਾਂ ਵਿੱਚ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਹਨਾਂ ਬਲਾਕਾਂ ਵਿੱਚ ਪੰਜਾਬ ਦੇ ਵੀ 10 ਬਲਾਕ ਸ਼ਾਮਿਲ ਕੀਤੇ ਗਏ ਹਨ। ਇਸ ਪ੍ਰੋਗਰਾਮ ਦੀ ਬੀਤੇ ਦਿਨੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਤੋਂ ਸ਼ੁਰੂਆਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਵੱਲੋਂ ਸਮੂਹ ਧਿਰਾਂ ਨੂੰ ਜਨ ਭਾਗੀਦਾਰੀ ਨਾਲ ਅਵਿਕਸਤ ਬਲਾਕਾਂ ਦੇ ਸਰਬਪੱਖੀ ਵਿਕਾਸ ਲਈ ਕੰਮ ਕਰਨ ਦਾ ਸੱਦਾ ਦਿੱਤਾ।
ਪੰਜਾਬ ਦੇ ਚੁਣੇ ਗਏ 10 ਬਲਾਕਾਂ ਵਿੱਚ ਨਿਹਾਲ ਸਿੰਘ ਵਾਲਾ (ਜ਼ਿਲ੍ਹਾ ਮੋਗਾ), ਮਖੂ (ਫਿਰੋਜ਼ਪੁਰ), ਸ਼ਾਹਕੋਟ (ਜਲੰਧਰ), ਧੂਰੀ (ਸੰਗਰੂਰ), ਡੇਰਾ ਬਾਬਾ ਨਾਨਕ ਤੇ ਕਲਾਨੌਰ (ਗੁਰਦਾਸਪੁਰ), ਅਜਨਾਲਾ ਤੇ ਹਰਸ਼ਾ ਛੀਨਾ (ਸ਼੍ਰੀ ਅੰਮ੍ਰਿਤਸਰ ਸਾਹਿਬ), ਢਿੱਲਵਾਂ ਅਤੇ ਸੁਲਤਾਨਪੁਰ ਲੋਧੀ (ਕਪੂਰਥਲਾ) ਸ਼ਾਮਿਲ ਕੀਤੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਨੀਤੀ ਆਯੋਗ ਵੱਲੋਂ ਪਹਿਲਾਂ ਹੀ ਮੋਗਾ ਅਤੇ ਫਿਰੋਜ਼ਪੁਰ ਸਮੇਤ ਦੇਸ਼ ਦੇ 112 ਜ਼ਿਲ੍ਹਿਆਂ ਵਿੱਚ ਇਹ ਪ੍ਰੋਗਰਾਮ ਸਫਲਤਾਪੂਰਵਕ ਚੱਲ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਸਬੰਧਤ ਖੇਤਰਾਂ ਵਿੱਚ ਸਿੱਖਿਆ, ਸਿਹਤ, ਬੁਨਿਆਦੀ ਢਾਂਚਾ, ਖੇਤੀਬਾੜੀ, ਵਿੱਤੀ ਸ਼ਮੂਲੀਅਤ ਅਤੇ ਹੁਨਰ ਵਿਕਾਸ ਉੱਤੇ ਸਭ ਤੋਂ ਵੱਧ ਜ਼ੋਰ ਦਿੱਤਾ ਜਾਂਦਾ ਹੈ। ਇਸ ਨੂੰ ਮਾਪਣ ਲਈ ਅੱਗੇ ਕਈ ਇੰਡੀਕੇਟਰ ਰੱਖੇ ਗਏ ਹਨ।
ਉਹਨਾਂ ਕਿਹਾ ਕਿ ਐਸਪੀਰੇਸ਼ਨਲ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਹੈ, ਜਿਸ ਤਹਿਤ ਵੱਖ-ਵੱਖ ਮਾਪਦੰਡਾਂ ਵਿੱਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਜਗੁਜ਼ਗਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਕਰਨਾ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ 3 ਅਕਤੂਬਰ ਤੋਂ 9 ਅਕਤੂਬਰ ਤੱਕ ”ਸੰਕਲਪ ਸਪਤਾਹ” ਦੀ ਸ਼ੁਰੂਆਤ ਕੀਤੀ ਗਈ। ਇਸ ਸਪਤਾਹ ਦੌਰਾਨ ਇਹਨਾਂ ਬਲਾਕਾਂ ਵਿੱਚ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ, ਜਿੰਨਾ ਨਾਲ ਆਮ ਲੋਕਾਂ ਵਿੱਚ ਸਰਕਾਰੀ ਸਕੀਮਾਂ ਦੀ ਵਿਸਥਾਰ ਨਾਲ ਜਾਗਰੂਕਤਾ ਪਹੁੰਚਾਈ ਜਾਵੇਗੀ ਅਤੇ ਇਹ ਸਪਤਾਹ ਸਰਕਾਰੀ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਕਾਰਗਰ ਸਾਬਿਤ ਹੋਵੇਗਾ।
ਪ੍ਰੋਗਰਾਮ ਦੇ ਤਹਿਤ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਹੋਣ ਵਾਲੀਆਂ ਗਤੀਵਿਧੀਆਂ ਉੱਪਰ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ 3 ਅਕਤੂਬਰ ਨੂੰ ਸਿਹਤ ਵਿਭਾਗ ਵੱਲੋਂ ਸੰਪੂਰਨਾ ਸਵੱਸਥਯ-ਏਕ ਸੰਕਲਪ ਤਹਿਤ ਸੀ.ਐਚ.ਸੀ.ਜ਼, ਪੀ.ਐਸ.ਸੀ.ਜ਼ ਅਤੇ ਹੋਰ ਸਥਾਨਾਂ ਉੱਪਰ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਇਸ ਤਹਿਤ ਇਸ ਤਹਿਤ ਅਨੀਮਿਆ ਟੈਸਟਿੰਗ, ਟੀ.ਬੀ. ਹਾਰੇਗਾ ਦੇਸ਼ ਜੀਤੇਗਾ ਪ੍ਰੋਗਰਾਮ, ਟੀ.ਬੀ. ਸਕਰੀਨਿੰਗ, ਨਿਕਸ਼ੈ ਮਿੱਤਰਾ ਸੁਵਿਧਾਵਾਂ, ਟੀ.ਬੀ. ਚੈਂਪੀਅਨ ਰੈਲੀ ਆਦਿ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। 4 ਅਕਤੂਬਰ ਨੂੰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਬਲਾਕ ਪ੍ਰੋਗਰਾਮ ਅਫ਼ਸਰ ਨਿਹਾਲ ਸਿੰਘ ਵਾਲਾ ਵੱਲੋਂ ਬਲਾਕ ਨਿਹਾਲ ਸਿੰਘ ਵਾਲਾ ਦੇ ਸਮੂਹ ਆਂਗਣਵਾੜੀ ਸੈਂਟਰਾਂ ਵਿੱਚ ਪੋਸ਼ਣ ਮੇਲਾ ਅਤੇ ਪਿੰਡਾਂ ਵਿੱਚ ਨਿਊਟ੍ਰੀਸ਼ੀਅਨ ਸਬੰਧੀ ਜਾਗਰੂਕਤਾ ਫੈਲਾਈ ਜਾਵੇਗੀ। 5 ਅਕਤੂਬਰ ਨੂੰ ਗ੍ਰਾਮ ਪੰਚਾਇਤਾਂ ਵਿੱਚ ਸਵੱਛਤਾ ਕੈਂਪ ਆਯੋਜਿਤ ਹੋਣਗੇ।
6 ਅਕਤੂਬਰ ਨੂੰ ਖੇਤੀਬਾੜੀ ਵਿਭਾਗ ਵੱਲੋਂ ਕ੍ਰਿਸ਼ੀ ਮਹੋਤਸਵ ਮਨਾਇਆ ਜਾਵੇਗਾ। 7 ਅਕਤੂਬਰ ਨੂੰ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਇੱਕ ਸੰਕਲਪ ਪ੍ਰੋਗਰਾਮ ਬਲਾਕ ਦੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਆਯੋਜਿਤ ਕਰਵਾਇਆ ਜਾਵੇਗਾ। ਜਿਸ ਵਿੱਚ ਲੇਖ ਮੁਕਾਬਲੇ, ਪੇਟਿੰਗ ਮੁਕਾਬਲੇ, ਉੱਤਮ ਅਧਿਆਪਕ, ਉੱਤਮ ਵਿਦਿਆਰਥੀ ਆਦਿ ਗਤੀਵਿਧੀਆਂ ਸ਼ਾਮਿਲ ਹੋਣਗੀਆਂ। 8 ਅਕਤੂਬਰ ਨੂੰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਵੱਲੋਂ ਸਮਰਿਧੀ ਦਿਵਸ ਮਨਾਇਆ ਜਾਵੇਗਾ। 9 ਅਕਤੂਬਰ ਨੂੰ ਖੇਤੀਬਾੜੀ ਵਿਭਾਗ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਸਮਾਵੇਸ਼ ਸਮਾਰੋਹ ਆਯੋਜਿਤ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਸਮੂਹ ਵਿਭਾਗ ”ਸੰਕਲਪ ਸਪਤਾਹ” ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਪਣਾ ਪੂਰਨ ਸਹਿਯੋਗ ਦੇਣ ਨੂੰ ਯਕੀਨੀ ਬਣਾਉਣ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਸਮੂਹ ਚੁਣੇ ਹੋਏ ਨੁਮਾਇੰਦੇ ਅਤੇ ਸਮੂਹ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।