ਅੰਮ੍ਰਿਤਸਰ:- 3 ਅਕਤੂਬਰ 2023 – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦੇਸ਼ ਵਿਦੇਸ਼ ਵਿੱਚ ਸਿੱਖਾਂ ਪ੍ਰਤੀ ਸਿਰਜਿਆ ਮਾਹੌਲ ਤੇ ਚਿੰਤਾ ਵਿਅਕਤ ਕਰਦਿਆ ਕਿਹਾ ਕਿ ਭਾਰਤ, ਕਨੇਡਾ ਅਤੇ ਇੰਗਲੈਂਡ ਦੇ ਆਪਸੀ ਸਬੰਧਾਂ ਦਰਮਿਆਨ ਆਈ ਖਟਾਸ ਨੂੰ ਲੈ ਕੇ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਬਨਾਉਂਦਿਆਂ ਮੀਡੀਏ ਵੱਲੋਂ ਗਲਤ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਬਹੁਤ ਹੀ ਖਤਰਨਾਕ ਘਾਤਕ ਰੁਝਾਨ ਹੈ ਇਸ ਕਿਸਮ ਦੇ ਵਰਤਾਰੇ ਕਾਰਨ ਜੋ ਸਿੱਖਾਂ ਦੀ ਦਿਖ ਪੇਸ਼ ਹੋ ਰਹੀ ਹੈ ਇਸ ਕਾਰਨ ਸਿੱਖਾਂ ਨਾਲ ਕਈ ਥਾਵਾਂ ਤੇ ਵਧੀਕੀਆਂ ਹੋ ਰਹੀਆਂ ਹਨ। ਬਹੁਗਿਣਤੀ ਦੇ ਮਾੜੇ ਅਨਸਰਾਂ ਵੱਲੋਂ ਦਰਿੰਦਗੀ ਵਾਲਾ ਮਾਹੌਲ ਸਿਰਜਨ ਦੇ ਕੋਝੇ ਅਤੇ ਮੰਦਭਾਗੇ ਜਤਨ ਕੀਤੇ ਜਾ ਰਹੇ ਹਨ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪੈ੍ਰਸ ਬਿਆਨ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਾਉਣ, ਖੁਸ਼ਹਾਲ ਬਨਾਉਣ ਅਤੇ ਔਖੇ ਸਮੇਂ ਪਹਿਲੀ ਕਤਾਰ ‘ਚ ਲੜਨ ਤੇ ਸੇਵਾ ਨਿਭਾਉਣ ਵਾਲੀ ਪਰਉਪਕਾਰੀ ਸਿੱਖ ਕੌਮ ਨਾਲ ਇਸ ਤਰ੍ਹਾਂ ਦਾ ਵਿਵਹਾਰ ਸਰਕਾਰਾਂ ਦੀ ਸ਼ਹਿ ਤੇ ਮੀਡੀਏ ਵੱਲੋਂ ਸਿਰਜਿਆ ਜਾ ਰਿਹਾ ਹੈ ਜੋ ਨਿਟਕ ਭਵਿੱਖ ਵਿੱਚ ਫ੍ਰਿਕਾਪ੍ਰਸਤੀ, ਮੌਕਾਪ੍ਰਸਤੀ, ਨਸਲਵਾਦ ਅਤੇ ਗੁੰਡਾਗਰਦੀ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਉਨ੍ਹਾਂ ਕਿਹਾ ਦੰਗੇ ਫਸਾਦ ਵਾਲਾ ਬਿਰਤਾਂਤ ਸਿਰਜਕੇ ਸਿੱਖਾਂ ਨੂੰ ਕੁੱਟਣ ਮਾਰਨ ਲੁੱਟਣ ਦੀ ਤਿਆਰੀ ਹੋ ਰਹੀ ਹੈ।
ਵੱਖ-ਵੱਖ ਥਾਵਾਂ ਉਪਰ ਸਿੱਖਾਂ ਤੇ ਹਮਲੇ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਲੀਲ ਕਰਕੇ ਕੁੱਟਿਆ ਮਾਰਿਆ ਤੇ ਲੁੱਟਿਆ ਗਿਆ ਹੈ। ਸਿੱਖ ਹਿੰਦੋਸਤਾਨ ਦੇ ਵਾਸੀ ਹਨ ਇਨ੍ਹਾਂ ਨਾਲ ਵਿਤਕਰੇ ਵਾਲਾ ਵਤੀਰਾ ਅਪਨਾਉਣਾ ਅਫਸ਼ੋਸਜਨਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ ਤੇ ਸਰਕਾਰਾਂ ਅਤਿਵਾਦੀ, ਵੱਖਵਾਦੀ ਅੰਤਕਵਾਦੀ ਲਕਬ ਸਿੱਖਾਂ ਨਾਲ ਜੋੜੇ ਜਾ ਰਹੇ ਹਨ, ਸਿੱਖ ਨਾ ਤਾਂ ਅਤਿਵਾਦੀ ਨਾ ਵੱਖਵਾਦੀ ਤੇ ਨਾ ਹੀ ਅਤੰਕਵਾਦੀ ਹੈ, ਸਿੱਖ ਭਾਈਚਾਰਕ ਸਾਂਝ ਦਾ ਮਦੱਈ, ਦੂਜਿਆਂ ਦੀ ਰਾਖੀ ਕਰਨ ਵਾਲਾ, ਦੇਸ਼ ਤੋਂ ਕੁਰਬਾਨ ਹੋਣ ਵਾਲਾ ਤੇ ਸਰਬੱਤ ਦਾ ਭਲਾ ਮੰਗਣ ਵਾਲਾ ਹੈ।
ਉਨ੍ਹਾਂ ਕਿਹਾ ਕਿ ਹਿਦੋਸਤਾਨ ਨੂੰ ਲੁੱਟਣ ਅਤੇ ਬਹੁਬੇਟੀਆਂ ਜ਼ਬਰੀ ਚੁੱਕੇ ਕੇ ਗਜਨਵੀ ਦੇ ਬਜ਼ਾਰਾਂ ਵਿੱਚ ਟਕੇ ਟਕੇ ਤੇ ਵਿਕਣ ਤੋਂ ਬਚਾਉਣ ਵਾਲੇ ਤੇ ਮੁੜ ਉਨ੍ਹਾਂ ਨੂੰ ਸਤਿਕਾਰ ਨਾਲ ਘਰੋਂ ਘਰੀ ਪਹੰੁਚਾਉਣ ਵਾਲੇ ਬੁੱਢਾ ਦਲ ਦੇ ਮੁਖੀ ਸਿੱਖ ਆਗੂ ਹੀ ਸਨ। ਉਨ੍ਹਾਂ ਕਿਹਾ ਸਿੱਖ ਦੀ ਦਸਤਾਰ ਨਾਲ ਨਫਰਤ ਕਰਨ ਵਾਲਿਆਂ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਹਿੰਦੋਸਤਾਨ ਦੇ ਸਿਰ ਅਜ਼ਾਦੀ ਦੀ ਦਸਤਾਰ ਸਜਾਉਣ ਵਾਲਾ ਸਿੱਖ ਭਾਈਚਾਰਾ ਹੀ ਹੈ। ਉਨ੍ਹਾਂ ਸਮੁੱਚੇ ਮੀਡੀਆ ਹਾਊਸ ਤੇ ਇਸ ਦੇ ਪ੍ਰਾਈਵੇਟ ਸੈਕਟਰ ਨੂੰ ਅਪੀਲ ਕੀਤੀ ਹੈ ਕਿ ਇਤਿਹਾਸਕ ਤੱਥ ਤੇ ਸਚਾਈ ਜਾਨਣ ਤੋਂ ਬਗੈਰ ਹੀ ਕੋਈ ਅਜਿਹੀ ਖਬਰ ਨਾ ਦਿੱਤੀ ਜਾਵੇ ਜੋ ਕਿਸੇ ਕੌਮ ਤੇ ਭਾਈਚਾਰੇ ਦੇ ਅਕਸ ਨੂੰ ਸੱਟ ਮਾਰਦੀ ਹੋਵੇ। ਉਨ੍ਹਾਂ ਕਿਹਾ ਨਾ ਹੀ ਵਿਕਾਓ ਬਿਰਤੀ ਕਾਰਨ ਅਜਿਹੇ ਬਿਰਤਾਂਤ ਸਿਰਜ਼ੇ ਜਾਣ ਜਿਸ ਨਾਲ ਦੇਸ਼ ਦੀ ਅਖੰਡਤਾ ਨੂੰ ਕੋਈ ਆਂਚ ਪੁਜਦੀ ਹੋਵੇ।