ਨਵੀਂ ਦਿੱਲੀ, 6 ਅਕਤੂਬਰ 2023 – ਭਾਰਤ ਨੇ ਏਸ਼ੀਆਈ ਖੇਡਾਂ ਦੇ ਪੁਰਸ਼ ਕ੍ਰਿਕਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਟੀਮ ਇੰਡੀਆ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਸੈਮੀਫਾਈਨਲ ‘ਚ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾ ਦਿੱਤਾ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਦੀ ਟੀਮ ਨੇ 20 ਓਵਰਾਂ ‘ਚ 9 ਵਿਕਟਾਂ ‘ਤੇ 96 ਦੌੜਾਂ ਬਣਾਈਆਂ। ਜ਼ਾਕਿਰ ਅਲੀ 24 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਲਈ ਆਰ ਸਾਈ ਕਿਸ਼ੋਰ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਵਾਸ਼ਿੰਗਟਨ ਸੁੰਦਰ ਨੇ ਦੋ ਵਿਕਟਾਂ ਹਾਸਲ ਕੀਤੀਆਂ। ਅਰਸ਼ਦੀਪ ਸਿੰਘ, ਤਿਲਕ ਵਰਮਾ, ਡੈਬਿਊ ਕਰਨ ਵਾਲੇ ਸ਼ਾਹਬਾਜ਼ ਅਹਿਮਦ ਅਤੇ ਰਵੀ ਬਿਸ਼ਨੋਈ ਨੇ ਇਕ-ਇਕ ਵਿਕਟ ਲਈ।
ਜਵਾਬ ‘ਚ ਟੀਮ ਇੰਡੀਆ ਨੇ 9.2 ਓਵਰਾਂ ‘ਚ ਇਕ ਵਿਕਟ ਗੁਆ ਕੇ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ। ਤਿਲਕ ਵਰਮਾ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਅੰਤਰਰਾਸ਼ਟਰੀ ਕ੍ਰਿਕਟ ‘ਚ ਤਿਲਕ ਦਾ ਇਹ ਦੂਜਾ ਅਰਧ ਸੈਂਕੜਾ ਹੈ।
ਤਿਲਕ ਵਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਅਰਧ ਸੈਂਕੜਾ ਜੜਿਆ। ਟੀਮ ਇੰਡੀਆ ਲਈ ਤਿਲਕ ਵਰਮਾ ਨੇ ਅਜੇਤੂ 55 ਦੌੜਾਂ ਬਣਾਈਆਂ। ਉਨ੍ਹਾਂ ਨੇ 26 ਗੇਂਦਾਂ ‘ਚ 6 ਛੱਕੇ ਅਤੇ 2 ਚੌਕੇ ਲਗਾਏ। ਰਿਤੁਰਾਜ ਗਾਇਕਵਾੜ ਨੇ ਅਜੇਤੂ 40 ਦੌੜਾਂ ਬਣਾਈਆਂ। ਜਦੋਂ ਕਿ ਯਸ਼ਸਵੀ ਜੈਸਵਾਲ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਈ। ਬੰਗਲਾਦੇਸ਼ ਲਈ ਰਿਪਨ ਮੰਡਲ ਨੇ ਇਕ ਵਿਕਟ ਹਾਸਲ ਕੀਤੀ।
ਭਾਰਤ ਦਾ ਸਾਹਮਣਾ 7 ਅਕਤੂਬਰ ਨੂੰ ਫਾਈਨਲ ‘ਚ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਭਾਰਤ, ਪਾਕਿਸਤਾਨ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ ਪੁਰਸ਼ਾਂ ਦੇ ਕ੍ਰਿਕਟ ਮੁਕਾਬਲੇ ਵਿੱਚ ਕੁਆਰਟਰ ਫਾਈਨਲ ਵਿੱਚ ਸਿੱਧੀ ਐਂਟਰੀ ਮਿਲੀ ਸੀ।