ਚੰਡੀਗੜ੍ਹ, 5 ਅਕਤੂਬਰ 2023 – ਮੁਕਤਸਰ ਸਾਹਿਬ ਵਿਖੇ ਤਸ਼ੱਦਦ ਦਾ ਸ਼ਿਕਾਰ ਹੋਇਆ ਵਕੀਲ ਵਰਿੰਦਰ ਸਿੰਘ ਮੁੱਕਰ ਗਿਆ ਅਤੇ ਉਸ ਨੇ ਚੁੱਪ-ਚਪੀਤੇ ਪੁਲਿਸ ਨਾਲ ਰਾਜ਼ੀਨਾਮਾ ਕਰ ਲਿਆ ਤੇ ਇਸ ਦੀ ਭਿਣਕ ਉਸ ਨੇ ਉਸ ਨਾਲ ਖੜ੍ਹਨ ਵਾਲੀ ਮੁਕਤਸਰ ਬਾਰ ਐਸੋਸੀਏਸ਼ਨ ਨੂੰ ਵੀ ਪੈਣ ਨਹੀਂ ਦਿੱਤੀ, ਜੋ ਕਿ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਰਾਜੀਨਾਮੇ ਦੀ ਜਾਣਕਾਰੀ ਵਕੀਲ ਨੇ ਬਾਰ ਨੂੰ ਇੱਕ ਚਿੱਠੀ ਰਾਹੀਂ ਦਿੱਤੀ।
ਵਕੀਲ ਨੇ ਮੁਕਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਨਾਮ ਇਕ ਪੱਤਰ ਲਿਖਿਆ ਹੈ ਜਿਸਦਾ ਉਤਾਰਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ, ਵਧੀਕ ਡਾਇਰੈਕਟਰ ਜਨਰਲ ਪੁਲਿਸ, ਇੰਨਟੈਲੀਜੈਂਸ ਪੰਜਾਬ ਕਮ ਸੁਪਰਵਾਇਜ਼ਰੀ ਅਫ਼ਸਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਪ੍ਰਧਾਨ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲਾਅ ਭਵਨ ਚੰਡੀਗੜ੍ਹ, ਪ੍ਰਧਾਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਐਸੋ. ਰਜਿ. ਸੈਕਟਰ 1 ਚੰਡੀਗੜ੍ਹ ਨੂੰ ਭੇਜਿਆ ਹੈ। ਇਸ ਪੱਤਰ ’ਚ ਵਕੀਲ ਵਰਿੰਦਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਉਨ੍ਹਾਂ ਦਾ ਪੁਲਿਸ ਨਾਲ ਵਿਵਾਦ ਹੋਇਆ ਸੀ। ਉਸ ਨੇ ਕਿਹਾ ਕਿ ਹੁਣ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੇਰਾ ਗਿਲਾ ਸ਼ਿਕਵਾ ਦੂਰ ਹੋ ਗਿਆ ਹੈ। ਇਸ ਘਟਨਾ ’ਚ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ ਮੰਦਭਾਗਾ ਹੈ।
ਇਸ ਮਾਮਲੇ ਵਿਚ ਦੂਜਾ ਪੱਖ ਇਹ ਹੈ ਕਿ, ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਕਤਸਰ ਨੇ ਵੀਰਵਾਰ ਨੂੰ ਮੰਗ ਕੀਤੀ ਕਿ ਐਡਵੋਕੇਟ ਵਰਿੰਦਰ ਸਿੰਘ ਸੰਧੂ ਨੂੰ ਤੁਰੰਤ ਬਾਰ ਵਿੱਚੋਂ ਕੱਢਿਆ ਜਾਵੇ ਅਤੇ ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਨੂੰ ਬੇਨਤੀ ਕੀਤੀ ਜਾਵੇ ਕਿ ਵਰਿੰਦਰ ਸਿੰਘ ਸੰਧੂ ਦਾ ਲਾਇਸੈਂਸ ਹਮੇਸ਼ਾ ਲਈ ਖ਼ਤਮ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ।ਵਰਿੰਦਰ ਸਿੰਘ ਸੰਧੂ ਵੱਲੋਂ ਦਰਖਾਸਤ ਦੇਣ ਸਬੰਧੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਜਨਰਲ ਹਾਊਸ ਦੀ ਮੀਟਿੰਗ ਵੀਰਵਾਰ ਨੂੰ ਐਡਵੋਕੇਟ ਭੁਪਿੰਦਰ ਸਿੰਘ ਚਰੇਵਾਂ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਵਰਿੰਦਰ ਸਿੰਘ ਦੀ ਪੁਲਿਸ ਅਧਿਕਾਰੀਆਂ ਨਾਲ ਕੋਈ ਰੰਜਿਸ਼ ਨਹੀਂ ਸੀ, ਜਿਸ ‘ਤੇ ਮੁਕੱਦਮਾ ਨੰਬਰ 145 ਮਿਤੀ 25-09-2023 ਧਾਰਾ 377/342/323/149/506 ਆਈ.ਪੀ.ਸੀ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਹੈ। ਸਾਰੇ ਮੈਂਬਰਾਂ ਨੇ ਇਕ ਤੋਂ ਬਾਅਦ ਇਕ ਵਰਿੰਦਰ ਸਿੰਘ ਸੰਧੂ ਦੇ ਐਕਟ ਅਤੇ ਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਅਤੇ ਇਸ ਨੂੰ ਸਮੁੱਚੇ ਕਾਨੂੰਨੀ ਭਾਈਚਾਰੇ ਨਾਲ ਧੋਖਾ ਕਰਾਰ ਦਿੱਤਾ। ਉਸਨੇ ਸਪੱਸ਼ਟ ਤੌਰ ‘ਤੇ ਵਕੀਲਾਂ ਦੀਆਂ ਭਾਵਨਾਵਾਂ ਅਤੇ ਭਾਈਚਾਰਕ ਸਾਂਝ ਦੀ ਦੁਰਵਰਤੋਂ ਕੀਤੀ ਹੈ।
ਮੀਟਿੰਗ ਤੋਂ ਬਾਅਦ ਮਤਾ ਪਾਸ ਕੀਤਾ ਗਿਆ ਕਿ ਵਰਿੰਦਰ ਸਿੰਘ ਸੰਧੂ ਨੂੰ ਤੁਰੰਤ ਬਾਰ ਵਿੱਚੋਂ ਕੱਢਿਆ ਜਾਵੇ ਅਤੇ ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਨੂੰ ਬੇਨਤੀ ਕੀਤੀ ਜਾਵੇ ਕਿ ਵਰਿੰਦਰ ਸਿੰਘ ਸੰਧੂ ਦਾ ਲਾਇਸੈਂਸ ਹਮੇਸ਼ਾ ਲਈ ਖ਼ਤਮ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ।