ਚੰਡੀਗੜ੍ਹ/ਬਠਿੰਡਾ, 6 ਅਕਤੂਬਰ 2023 – ਪੰਜਾਬ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਆਪਣੀ ਜਾਨ ਨੂੰ ਖਤਰਾ ਪ੍ਰਗਟਾਇਆ ਹੈ। ਉਸ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦੀ ਸ਼ਰਨ ਲਈ ਹੈ। ਪਟੀਸ਼ਨ ‘ਤੇ ਹਾਈ ਕੋਰਟ ਨੇ ਏਡੀਜੀ (ਜੇਲ੍ਹ) ਨੂੰ ਪਟੀਸ਼ਨਕਰਤਾ ਦੀ ਮੰਗ ‘ਤੇ 10 ਦਿਨਾਂ ਦੇ ਅੰਦਰ ਫ਼ੈਸਲਾ ਲੈਣ ਦੇ ਹੁਕਮ ਦਿੱਤੇ ਹਨ।
ਪਟੀਸ਼ਨ ਦਾਇਰ ਕਰਦੇ ਹੋਏ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਦਾ ਕਹਿਣਾ ਹੈ ਕਿ ਉਸ ਦਾ ਕਿਸੇ ਵੀ ਸਮੇਂ ਕਤਲ ਕੀਤਾ ਜਾ ਸਕਦਾ ਹੈ। ਉਸ ਨੇ ਲਾਰੇਂਸ ਬਿਸ਼ਨੋਈ, ਦਿਲਪ੍ਰੀਤ ਬਾਵਾ, ਨੀਟਾ ਦਿਓਲ, ਗੁਰਪ੍ਰੀਤ ਸੇਖੋਂ ਅਤੇ ਹੋਰ ਗੈਂਗਸਟਰਾਂ ਤੋਂ ਆਪਣੀ ਜਾਨ ਨੂੰ ਖਤਰਾ ਹੋਣ ਦਾ ਦਾਅਵਾ ਕੀਤਾ ਹੈ। ਪਟੀਸ਼ਨਰ ਨੇ ਕਿਹਾ ਕਿ ਖ਼ਤਰਾ ਸਿਰਫ਼ ਗਰੋਹ ਦੇ ਆਗੂਆਂ ਤੋਂ ਹੀ ਨਹੀਂ, ਸਗੋਂ ਉਨ੍ਹਾਂ ਦੇ ਸਮਰਥਕਾਂ ਅਤੇ ਹਮਦਰਦਾਂ ਤੋਂ ਵੀ ਹੈ ਕਿਉਂਕਿ ਉਹ ਪਟੀਸ਼ਨਰ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ।
ਹਾਈਕੋਰਟ ਦੇ ਜਸਟਿਸ ਵਿਕਾਸ ਸੂਰੀ ਨੇ ਭਗਵਾਨਪੁਰੀਆ ਵੱਲੋਂ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਇਹ ਆਦੇਸ਼ ਦਿੱਤੇ ਹਨ। ਮੌਜੂਦਾ ਸਮੇਂ ਵਿਚ ਭਗਵਾਨਪੁਰੀਆ ਮੋਹਾਲੀ ਪੁਲਸ ਦੀ ਹਿਰਾਸਤ ਵਿਚ ਹੈ। ਉਸ ਦਾ ਕਹਿਣਾ ਹੈ ਕਿ ਜੇ ਉਸ ਨੂੰ ਮੁੜ ਬਠਿੰਡਾ ਜੇਲ੍ਹ ਵਿਚ ਭੇਜਿਆ ਗਿਆ ਤਾਂ ਉਥੇ ਉਸ ਦਾ ਕਤਲ ਕਰ ਦਿੱਤਾ ਜਾਵੇਗਾ ਕਿਉਂਕਿ ਉਥੇ ਕਈ ਹੋਰ ਗਿਰੋਹਾਂ ਦੇ ਮੈਂਬਰ ਬੰਦ ਹਨ। ਉਹ ਉਨ੍ਹਾਂ ਦੇ ਨਿਸ਼ਾਨੇ ’ਤੇ ਹੈ। ਉਸ ਨੇ ਇਸ ਸੰਬੰਧ ਵਿਚ 21 ਸਤੰਬਰ ਨੂੰ ਸੂਬੇ ਦੇ ਜੇਲ੍ਹ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ ਸੀ। ਦੂਜੇ ਪਾਸੇ ਭਗਵਾਨਪੁਰੀਆ ਦੇ ਵਕੀਲ ਆਰ. ਕਾਰਤੀਕੇ ਨੇ ਬੈਂਚ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ ਖ਼ਤਰੇ ਵੱਲ ਇਸ਼ਾਰਾ ਕੀਤਾ ਹੈ ਬਲਕਿ ਅਜਿਹੀਆਂ ਕਈ ਉਦਾਹਰਣਾਂ ਹਨ, ਜਿਨ੍ਹਾਂ ਨੇ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾਈ ਹੈ। ਉਹ ਪਹਿਲਾਂ ਪਟਿਆਲਾ ਜੇਲ੍ਹ ਵਿਚ ਬੰਦ ਸੀ ਅਤੇ ਦਿਲਪ੍ਰੀਤ ਬਾਬਾ ਗੈਂਗ ਨਾਲ ਜੁੜੇ ਕੁਝ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਸੀ।