- ਸੀਨੀਅਰ ਸਿਟੀਜਨਸ ਐਸੋਸੀਏਸ਼ਨ ਵੱਲੋਂ ਕਰਵਾਏ ਸਮਾਗਮ ਵਿੱਚ ਸ਼ਿਰਕਤ
ਸਮਾਣਾ, 7 ਅਕਤੂਬਰ 2023 – ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਬਜੁਰਗ ਸਾਡਾ ਸਰਮਾਇਆ ਹਨ ਅਤੇ ਬਜੁਰਗਾਂ ਦੇ ਸਨਮਾਨ ਤੋਂ ਵੱਡਾ ਕੋਈ ਤੀਰਥ ਤੇ ਪੁੰਨ ਨਹੀਂ ਹੈ।ਜੌੜਾਮਾਜਰਾ ਅੱਜ ਬਜੁਰਗ ਦਿਵਸ ਮੌਕੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਸਮਾਣਾ ਵੱਲੋਂ ਕਰਵਾਏ ਸਮਾਗਮ ਮੌਕੇ ਸ਼ਿਰਕਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਉਨ੍ਹਾਂ ਨੂੰ ਆਪਣੇ ਬਜੁਰਗਾਂ ਦੀਆਂ ਅਸੀਸਾਂ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਬਜੁਰਗਾਂ ਦੀਆਂ ਅਸੀਸਾਂ ਜਿਹਾ ਕੋਈ ਹੋਰ ਵਰਦਾਨ ਨਹੀਂ ਹੈ,ਇਸੇ ਲਈ ਸਾਰਿਆਂ ਨੂੰ ਇਹੋ ਬੇਨਤੀ ਕਿ ਅਸੀਂ ਆਪਣੇ ਬਜੁਰਗਾਂ ਦਾ ਸਤਿਕਾਰ ਬਹਾਲ ਰੱਖੀਏ, ਇਹ ਸਾਡੀ ਨੈਤਿਕ ਜਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪਹਿਲਾਂ ਹੀ ਆਪਣੇ ਬਜੁਰਗਾਂ ਦਾ ਪੂਰਾ ਮਾਣ-ਸਤਿਕਾਰ ਕਰਦੇ ਹੋਏ ਬੁਢਾਪਾ ਪੈਨਸ਼ਨ ਅਤੇ ਹੋਰ ਸਹੂਲਤਾਂ ਬਜੁਰਗਾਂ ਨੂੰ ਪ੍ਰਦਾਨ ਕਰ ਰਹੀ ਹੈ ਅਤੇ ਬਜੁਰਗਾਂ ਦੇ ਮਾਣ-ਸਤਿਕਾਰ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਸਮੇਤ ਹੋਰਨਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਬਜੁਰਗ ਸਾਡੇ ਕੋਲ ਹਨ ਕਿਉਂਕਿ ਬਜੁਰਗਾਂ ਦੇ ਜਾਣ ਬਾਅਦ ਹੀ ਸਾਨੂੰ ਇਨ੍ਹਾਂ ਦੀ ਅਸਲ ਕੀਮਤ ਪਤਾ ਚੱਲਦੀ ਹੈ, ਇਸ ਲਈ ਸਾਡਾ ਫਰਜ ਹੈ ਕਿ ਅਸੀਂ ਆਪਣੇ ਬਜੁਰਗਾਂ ਨੂੰ ਬਣਦਾ ਮਾਣ-ਸਤਿਕਾਰ ਜਰੂਰ ਦੇਈਏ।
ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਗਿਆਨ ਚੰਦ ਕਟਾਰੀਆ, ਅਗਰਵਾਲ ਧਰਮਸ਼ਾਲਾ ਪ੍ਰਧਾਨ ਮਦਨ ਮਿੱਤਲ, ਕਪੂਰ ਚੰਦ ਬਾਂਸਲ, ਗੋਪਾਲ ਕ੍ਰਿਸ਼ਨ ਗਰਗ, ਰਾਜ ਕੁਮਾਰ ਸੱਚਦੇਵਾ, ਯਸ਼ਪਾਲ ਸਿੰਗਲਾ, ਬਲਕਾਰ ਸਿੰਘ ਗੱਜੂਮਾਜਰਾ, ਸੁਨੈਨਾ ਮਿੱਤਲ, ਬਾਬਾ ਬਲਵੀਰ ਸਿੰਘ, ਪਿਆਰਾ ਲਾਲ ਬਾਂਸਲ, ਦਰਸ਼ਨ ਸਿੰਘ ਧੀਮਾਨ, ਜਗਤਾਰ ਸਿੰਘ ਮਣਕੂ, ਪਵਨ ਸ਼ਾਸਤਰੀ ਅਤੇ ਅੰਕੁਸ਼ ਗੋਇਲ ਆਦਿ ਵੀ ਮੌਜੂਦ ਰਹੇ।