ਚੰਡੀਗੜ੍ਹ, 10 ਅਕਤੂਬਰ 2023 – ਸੋਮਵਾਰ-ਮੰਗਲਵਾਰ ਰਾਤ ਨੂੰ ਹੋਈ ਬਾਰਿਸ਼ ਕਾਰਨ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਤਾਪਮਾਨ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦਾ ਘੱਟੋ-ਘੱਟ ਤਾਪਮਾਨ ਔਸਤਨ 3.3 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਅਗਲੇ 4 ਦਿਨਾਂ ਤੱਕ ਮੌਸਮ ਸਾਫ਼ ਰਹਿਣ ਅਤੇ ਤਾਪਮਾਨ ਆਮ ਵਾਂਗ ਰਹਿਣ ਦੀ ਉਮੀਦ ਹੈ ਪਰ ਸ਼ਨੀਵਾਰ ਤੋਂ ਵੈਸਟਰਨ ਡਿਸਟਰਬੈਂਸ ਇੱਕ ਵਾਰ ਫਿਰ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦੇਵੇਗਾ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜ਼ਿਆਦਾਤਰ ਸ਼ਹਿਰਾਂ ਵਿੱਚ ਮੀਂਹ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ ਪਟਿਆਲਾ ਵਿੱਚ 23.3mm, ਅੰਮ੍ਰਿਤਸਰ ਵਿੱਚ 17.6mm, ਫਤਿਹਗੜ੍ਹ ਸਾਹਿਬ ਵਿੱਚ 19mm, ਗੁਰਦਾਸਪੁਰ ਵਿੱਚ 12.5mm, ਜਲੰਧਰ ਵਿੱਚ 16.5mm ਮੀਂਹ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ ਸਭ ਤੋਂ ਘੱਟ ਤਾਪਮਾਨ 18.3 ਡਿਗਰੀ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੰਗਲਵਾਰ ਸਵੇਰੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 20 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ।
ਸ਼ਨੀਵਾਰ ਤੋਂ ਮੌਸਮ ‘ਚ ਫੇਰ ਬਦਲਾਅ ਹੋਵੇਗਾ। ਇਹ ਬਦਲਾਅ ਪੱਛਮੀ ਗੜਬੜੀ ਕਾਰਨ ਆਉਣ ਵਾਲਾ ਹੈ। ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਤਿੰਨੋਂ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ।
ਪੱਛਮੀ ਗੜਬੜੀ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ। ਸ਼ਨੀਵਾਰ ਤੋਂ ਬਾਅਦ ਤਾਪਮਾਨ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੇਗੀ।