ਚੰਡੀਗੜ੍ਹ, 12 ਅਕਤੂਬਰ 2023 – ਦਿੱਲੀ ਦੇ ਸਪੈਸ਼ਲ ਸੈੱਲ ਨੇ ਪ੍ਰਗਤੀ ਮੈਦਾਨ ਨੇੜਿਓਂ ਖਾਲਿਸਤਾਨ ਟਾਈਗਰ ਫੋਰਸ ਦੇ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨ ਅਤੇ ਗੁਰਿੰਦਰ ਵਾਸੀ ਪੰਜਾਬ ਵਜੋਂ ਹੋਈ ਹੈ। ਪੁਲਿਸ ਨੇ ਇੱਕ ਹੈਂਡ ਗਰਨੇਡ ਅਤੇ ਇੱਕ ਵਿਦੇਸ਼ੀ ਪਿਸਤੌਲ ਬਰਾਮਦ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲਵੇਗੀ।
ਇਸ ਮਾਮਲੇ ਨੂੰ ਲੈ ਕੇ ਦਿੱਲੀ ਸਪੈਸ਼ਲ ਸੈੱਲ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਭਾਰਤ-ਅਫਗਾਨਿਸਤਾਨ ਮੈਚ ਦੌਰਾਨ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਨੂੰ ਲੈ ਕੇ ਘੁੰਮ ਰਹੇ ਹਨ। ਮੁਲਜ਼ਮ ਉਕਤ ਗਰਾਊਂਡ ਦੇ ਬਾਹਰ ਧਮਾਕਾ ਕਰ ਸਕਦੇ ਸੀ। ਜਿਸ ਕਾਰਨ ਦਿੱਲੀ ਸਪੈਸ਼ਲ ਸੈੱਲ ਦੀ ਟੀਮ ਨੇ ਛਾਪਾ ਮਾਰ ਕੇ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪਤਾ ਲੱਗਾ ਹੈ ਕਿ ਜਦੋਂ ਦਿੱਲੀ ਪੁਲਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਸ ‘ਤੇ ਗ੍ਰੇਨੇਡ ਨਾਲ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਤੋਂ ਪਹਿਲਾਂ ਹੀ ਫੜ ਲਏ ਗਏ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮੁਲਜ਼ਮਾਂ ਵੱਲੋਂ ਉੱਤਰ ਪ੍ਰਦੇਸ਼ ਵਿੱਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇਸ ਸਬੰਧੀ ਦੋਵੇਂ ਮੁਲਜ਼ਮ ਲਗਾਤਾਰ ਅੱਤਵਾਦੀ ਅਰਸ਼ਦੀਪ ਡੱਲਾ ਦੇ ਸੰਪਰਕ ਵਿੱਚ ਸਨ। ਦੱਸ ਦੇਈਏ ਕਿ ਇਨ੍ਹਾਂ ਹੀ ਦੋਸ਼ੀਆਂ ਨੇ ਮੋਗਾ ‘ਚ ਕਾਂਗਰਸੀ ਆਗੂ ਬੱਲੀ ਦਾ ਕਤਲ ਕੀਤਾ ਸੀ। ਪੁਲੀਸ ਨੇ ਵਾਰਦਾਤ ਵਿੱਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ।
ਸੂਚਨਾ ਦੇ ਆਧਾਰ ‘ਤੇ ਸਪੈਸ਼ਲ ਸੈੱਲ ਦੀ ਟੀਮ ਨੇ ਆਊਟਰ ਰਿੰਗ ਰੋਡ ‘ਤੇ ਨਾਕਾਬੰਦੀ ਦੌਰਾਨ ਦੋਵਾਂ ਨੂੰ ਰੋਕਿਆ ਸੀ। ਜਦੋਂ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਤਾਂ ਕ੍ਰਿਸ਼ਨਾ ਨੇ ਪੁਲਸ ਟੀਮ ‘ਤੇ ਇਕ ਰਾਊਂਡ ਫਾਇਰ ਕਰ ਦਿੱਤਾ। ਅਚਾਨਕ ਦੂਜੇ ਗੈਂਗਸਟਰ ਨੇ ਉਸ ਦੇ ਬੈਗ ਵਿੱਚੋਂ ਇੱਕ ਜ਼ਿੰਦਾ ਹੈਂਡ ਗ੍ਰੇਨੇਡ ਕੱਢ ਲਿਆ, ਪਰ ਇਸ ਤੋਂ ਪਹਿਲਾਂ ਕਿ ਉਹ ਸੇਫਟੀ ਪਿੰਨ ਖਿੱਚਦਾ, ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਇਨ੍ਹਾਂ ਕੋਲੋਂ ਇਕ ਜਿੰਦਾ ਹੈਂਡ ਗ੍ਰਨੇਡ, ਇਕ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਜਿਨ੍ਹਾਂ ਦੇ ਖਿਲਾਫ ਪੁਲਸ ਨੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।