- ਹੁਣ ਤੱਕ 447 ਲੋਕਾਂ ਨੂੰ ਬਚਾਇਆ
- ਇਜ਼ਰਾਈਲੀ ਫੌਜ ਬੰਧਕਾਂ ਨੂੰ ਛੁਡਾਉਣ ਲਈ ਗਾਜ਼ਾ ਵਿਚ ਦਾਖਲ ਹੋਈ
ਨਵੀਂ ਦਿੱਲੀ, 14 ਅਕਤੂਬਰ 2023 – ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ ਅੱਠਵਾਂ ਦਿਨ ਹੈ। ਇਸ ਤੋਂ ਪਹਿਲਾਂ ਦੇਰ ਰਾਤ ਇਜ਼ਰਾਈਲੀ ਫੌਜ ਸਰਹੱਦ ਪਾਰ ਕਰ ਕੇ ਟੈਂਕਾਂ ਨਾਲ ਗਾਜ਼ਾ ‘ਚ ਦਾਖਲ ਹੋ ਗਈ। ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਉਹ ਆਪਣੇ ਬੰਧਕਾਂ ਨੂੰ ਛੁਡਾਉਣ ਲਈ ਗਾਜ਼ਾ ਵਿੱਚ ਦਾਖਲ ਹੋਈ ਹੈ।
ਇਸ ਦੇ ਨਾਲ ਹੀ ਰਾਤ ਭਰ ਇਜ਼ਰਾਇਲੀ ਬੰਬਾਰੀ ਵਿੱਚ ਗਾਜ਼ਾ ਛੱਡਣ ਵਾਲੇ 70 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਗਾਜ਼ਾ ਦੇ ਉੱਤਰੀ ਸ਼ਹਿਰਾਂ ਤੋਂ 11 ਲੱਖ ਲੋਕਾਂ ਨੂੰ ਦੱਖਣੀ ਗਾਜ਼ਾ ਜਾਣ ਦਾ ਅਲਟੀਮੇਟਮ ਦਿੱਤਾ ਸੀ।
ਉੱਥੇ ਹੀ ਭਾਰਤ ਸਰਕਾਰ ਦੇ ਅਪ੍ਰੇਸ਼ਨ ਅਜੇ ਦੇ ਤਹਿਤ ਤੇਲ ਅਵੀਵ, ਇਜ਼ਰਾਈਲ ਤੋਂ ਭਾਰਤੀਆਂ ਦਾ ਦੂਜਾ ਜੱਥਾ ਅੱਜ ਸਵੇਰੇ ਦਿੱਲੀ ਪਹੁੰਚ ਗਿਆ ਹੈ। ਫਲਾਈਟ ਸ਼ੁੱਕਰਵਾਰ ਦੇਰ ਰਾਤ 235 ਲੋਕਾਂ ਨੂੰ ਲੈ ਕੇ ਰਵਾਨਾ ਹੋਈ ਸੀ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਸ਼ਲ ਮੀਡੀਆ ‘ਤੇ ਫਲਾਈਟ ‘ਚ ਸਵਾਰ ਹੋਣ ਦੀਆਂ ਤਸਵੀਰਾਂ ਪੋਸਟ ਕੀਤੀਆਂ ਸਨ।
ਇਜ਼ਰਾਈਲ ਵਿੱਚ ਫਸੇ 447 ਲੋਕਾਂ ਨੂੰ ਹੁਣ ਤੱਕ ਬਚਾ ਲਿਆ ਗਿਆ ਹੈ। ਸ਼ੁੱਕਰਵਾਰ ਸਵੇਰੇ 212 ਲੋਕ ਏਅਰ ਇੰਡੀਆ ਦੀ ਫਲਾਈਟ ਰਾਹੀਂ ਦਿੱਲੀ ਏਅਰਪੋਰਟ ਪਹੁੰਚੇ ਸਨ।
ਹਮਾਸ ਨੇ ਸ਼ੁੱਕਰਵਾਰ ਦੇਰ ਰਾਤ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ‘ਤੇ ਕਈ ਰਾਕੇਟ ਦਾਗੇ। ਇਸ ਤੋਂ ਬਾਅਦ ਰੇਹੋਵੋਟ ‘ਚ ਵੀ ਰਾਕੇਟ ਹਮਲੇ ਹੋਏ। ਹਮਾਸ ਦੇ ਹਮਲਿਆਂ ਕਾਰਨ ਇਜ਼ਰਾਈਲ ਵਿੱਚ ਵੀ ਲੋਕ ਆਪਣੇ ਘਰ ਛੱਡ ਰਹੇ ਹਨ।
ਦੱਖਣੀ ਲੇਬਨਾਨ ਵਿੱਚ ਇਜ਼ਰਾਈਲੀ ਹਮਲੇ ਵਿੱਚ ਨਿਊਜ਼ ਏਜੰਸੀ ਰਾਇਟਰਜ਼ ਦਾ ਇੱਕ ਵੀਡੀਓਗ੍ਰਾਫਰ ਮਾਰਿਆ ਗਿਆ ਹੈ। ਉਸ ਦਾ ਨਾਂ ਇਸਮ ਅਬਦੁੱਲਾ ਦੱਸਿਆ ਗਿਆ ਹੈ। ਰਾਇਟਰਜ਼ ਨੇ ਵੀ ਇੱਕ ਬਿਆਨ ਜਾਰੀ ਕੀਤਾ। ਦੱਸਿਆ ਗਿਆ ਕਿ ਇਸਮ ਆਪਣੀ ਟੀਮ ਦੇ ਨਾਲ ਦੱਖਣੀ ਲੇਬਨਾਨ ਤੋਂ ਲਾਈਵ ਵੀਡੀਓ ਸਿਗਨਲ ਭੇਜ ਰਿਹਾ ਸੀ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਇਸੇ ਟੀਮ ਦੇ ਦੋ ਪੱਤਰਕਾਰਾਂ ਤਾਹਿਰ ਅਲ ਸੁਦਾਨੀ ਅਤੇ ਮੇਹਰ ਨਾਜੇਹ ਸਮੇਤ ਛੇ ਹੋਰ ਪੱਤਰਕਾਰ ਜ਼ਖ਼ਮੀ ਹੋ ਗਏ।
ਹਮਾਸ ਨੇ ਸ਼ੁੱਕਰਵਾਰ ਨੂੰ ਤੇਲ ਅਵੀਵ ‘ਤੇ ਕਰੀਬ 250 ਰਾਕੇਟ ਦਾਗੇ। ਇਸ ਤੋਂ ਬਾਅਦ ਕੁਝ ਬੰਬ ਧਮਾਕੇ ਵੀ ਹੋਏ। ਖਤਰੇ ਨੂੰ ਦੇਖਦੇ ਹੋਏ ਇਜ਼ਰਾਇਲੀ ਫੌਜ ਨੇ ਸਾਇਰਨ ਵਜਾ ਦਿੱਤਾ ਤਾਂ ਜੋ ਲੋਕ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ। ਇਸ ਦੌਰਾਨ ਗੋਲੀਬਾਰੀ ਦੀਆਂ ਆਵਾਜ਼ਾਂ ਰੁਕ-ਰੁਕ ਕੇ ਆਉਂਦੀਆਂ ਰਹੀਆਂ।
ਮੱਧ ਇਜ਼ਰਾਈਲ ਦੇ ਰੇਹੋਵੋਟ ਇਲਾਕੇ ਦੇ ਕੁਝ ਘਰ ਰਾਕੇਟ ਹਮਲਿਆਂ ਦੀ ਲਪੇਟ ਵਿਚ ਆ ਗਏ। ਹਾਲਾਂਕਿ, ਕਿਸੇ ਨਾਗਰਿਕ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇਜ਼ਰਾਈਲੀ ਫੌਜ ਨੇ ਨਵਾਂ ਐਂਬੂਲੈਂਸ ਨੈੱਟਵਰਕ ਤਿਆਰ ਕੀਤਾ ਹੈ। ਇਸ ਵਿੱਚ ਆਮ ਨਾਗਰਿਕਾਂ ਅਤੇ ਸੈਨਿਕਾਂ ਲਈ ਵੱਖਰੀ ਐਂਬੂਲੈਂਸ ਰੱਖੀ ਗਈ ਹੈ।
ਫਲਸਤੀਨੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ 7 ਅਕਤੂਬਰ ਤੋਂ ਲੈ ਕੇ ਹੁਣ ਤੱਕ ਇਜ਼ਰਾਇਲੀ ਹਮਲਿਆਂ ਕਾਰਨ ਗਾਜ਼ਾ ‘ਚ 1900 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 614 ਬੱਚੇ ਅਤੇ 370 ਔਰਤਾਂ ਸ਼ਾਮਲ ਹਨ। 7600 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਫਲਸਤੀਨੀ ਨਿਊਜ਼ ਏਜੰਸੀ ਨੇ ਵੈਸਟ ਬੈਂਕ ‘ਚ 49 ਲੋਕਾਂ ਦੀ ਮੌਤ ਦੀ ਖਬਰ ਦਿੱਤੀ ਹੈ। ਹੁਣ ਇੱਥੇ 950 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਦੂਜੇ ਪਾਸੇ ਇਜ਼ਰਾਈਲ ਨੇ ਕਿਹਾ ਹੈ ਕਿ ਉਸ ਨੇ ਕਰੀਬ 1500 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।