ਲੁਧਿਆਣਾ, 14 ਅਕਤੂਬਰ 2023 – ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਦੇਰ ਰਾਤ ਹੰਗਾਮਾ ਹੋ ਗਿਆ। ਇੱਥੇ ਟੀਵੀ ਚੈਨਲ ਬਦਲਣ ਨੂੰ ਲੈ ਕੇ ਕੈਦੀਆਂ ਦੇ ਦੋ ਗਰੁੱਪ ਆਪਸ ਵਿੱਚ ਭਿੜ ਗਏ। ਦੋਵਾਂ ਗਰੁੱਪਾਂ ਦੇ 4 ਲੋਕ ਜ਼ਖਮੀ ਹੋ ਗਏ ਹਨ। ਜਿਨ੍ਹਾਂ ਦੇ ਸਿਰ ‘ਤੇ ਸੱਟ ਲੱਗੀ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਲੜਾਈ ਝਗੜੇ ਵਾਲੇ ਕੈਦੀਆਂ ਨੂੰ ਕਿਸੇ ਤਰ੍ਹਾਂ ਛੁਡਵਾਇਆ ਗਿਆ। ਉਨ੍ਹਾਂ ਨੂੰ ਪਹਿਲਾਂ ਜੇਲ੍ਹ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਦਿੱਤੀ ਗਈ। ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ।
ਝੜਪ ਵਿੱਚ ਜ਼ਖਮੀ ਹੋਏ ਇੱਕ ਕੈਦੀ ਦਾ ਨਾਮ ਸੁਮਿਤ ਹੈ। ਸੁਮਿਤ 6 ਮਹੀਨਿਆਂ ਤੋਂ ਜੇਲ੍ਹ ਵਿੱਚ ਹੈ ਅਤੇ ਤਾਜਪੁਰ ਰੋਡ ਦਾ ਰਹਿਣ ਵਾਲਾ ਹੈ। 3 ਹੋਰ ਕੈਦੀਆਂ ਦੇ ਨਾਂ ਪਤਾ ਨਹੀਂ ਹਨ। ਸੁਮਿਤ ਅਤੇ ਬਾਕੀ ਤਿੰਨ ਕੈਦੀ ਜ਼ਖਮੀ ਹੋਣ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਰਾਤ 1 ਵਜੇ ਹਸਪਤਾਲ ਪਹੁੰਚ ਗਏ।
ਹਸਪਤਾਲ ਦੀ ਸੁਰੱਖਿਆ ਲਈ ਰਾਤ 2 ਵਜੇ ਤੱਕ ਪੀਸੀਆਰ ਦਸਤਾ ਅਤੇ ਵਾਧੂ ਫੋਰਸ ਤਾਇਨਾਤ ਰਹੀ। ਜ਼ਖਮੀ ਸੁਮਿਤ ਦੇ ਦੋਸਤ ਨੇ ਦੱਸਿਆ ਕਿ ਉਸ ਦੀ ਸ਼ੁਭਮ ਮੋਟਾ ਗੈਂਗ ਦੇ ਨੌਜਵਾਨ ਹੈਬੋਵਾਲ ਨਾਲ ਪੁਰਾਣੀ ਦੁਸ਼ਮਣੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸੁਮਿਤ ਦੀ ਕਿਹੜੇ ਦੋ ਧੜਿਆਂ ਨਾਲ ਝੜਪ ਹੋਈ ਸੀ। ਸਿਵਲ ਹਸਪਤਾਲ ਪਹੁੰਚੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਵੀ ਮਾਮਲੇ ਦੀ ਜਾਣਕਾਰੀ ਦੇਣ ਤੋਂ ਸੰਕੋਚ ਕਰਦੇ ਰਹੇ।