ਚੰਡੀਗੜ੍ਹ, 15 ਅਕਤੂਬਰ 2023 – ਭਾਜਪਾ ਹਾਈਕਮਾਂਡ ਨੇ ਚੰਡੀਗੜ੍ਹ ਜਥੇਬੰਦੀ ਵਿੱਚ ਫੇਰਬਦਲ ਕਰਦਿਆਂ ਰਾਣੀ ਝਾਂਸੀ ਜ਼ਿਲ੍ਹਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੂੰ ਨਵਾਂ ਸੂਬਾ ਪ੍ਰਧਾਨ ਬਣਾਇਆ ਹੈ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲੋਕ ਪ੍ਰਸ਼ਾਸਨ ਵਿੱਚ ਪੋਸਟ ਗ੍ਰੈਜੂਏਟ ਹਨ। ਸੈਕਟਰ 21 ਦੇ ਵਸਨੀਕ, ਮਲਹੋਤਰਾ ਉਸਾਰੀ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਇੱਕ ਸਫਲ ਕਾਰੋਬਾਰੀ ਹਨ।
ਉਹ 2015-19 ਤੱਕ ਚੰਡੀਗੜ੍ਹ ਏਅਰਪੋਰਟ ਸਲਾਹਕਾਰ ਕਮੇਟੀ ਦੇ ਮੈਂਬਰ ਰਹੇ। ਉਹ ਕਈ ਸਮਾਜ ਸੇਵੀ ਕੰਮਾਂ ਵਿੱਚ ਸਰਗਰਮੀ ਨਾਲ ਸ਼ਾਮਲ ਹਨ। ਚੰਡੀਗੜ੍ਹ ਦੇ ਸੈਕਟਰ 33 ਵਿੱਚ ਭਾਜਪਾ ਦਫ਼ਤਰ ਅਤੇ ਸੈਕਟਰ 37 ਵਿੱਚ ਭਾਜਪਾ ਪੰਜਾਬ ਦੇ ਦਫ਼ਤਰ ਬਣਾਉਣ ਪਿੱਛੇ ਉਹਨਾਂ ਦੀ ਭੂਮਿਕਾ ਰਹੀ ਹੈ।
ਮਲਹੋਤਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ, ਸੌਦਾਨ ਸਿੰਘ, ਵਿਜੇ ਰੁਪਾਨੀ ਅਤੇ ਮੰਥਰੀ ਸ਼੍ਰੀਨਿਵਾਸਲੂ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਦਾ ਉਨ੍ਹਾਂ ‘ਤੇ ਭਰੋਸਾ ਜਤਾਉਣ ਅਤੇ ਉਨ੍ਹਾਂ ਨੂੰ ਸੂਬਾ ਪ੍ਰਧਾਨ ਬਣਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਨਵੀਂ ਜ਼ਿੰਮੇਵਾਰੀ ‘ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਪਾਰਟੀ ਵਿੱਚ ਆਪਣੇ ਪਹਿਲੇ ਪ੍ਰਧਾਨਾਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸਾਰੇ ਇੱਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨਗੇ ਅਤੇ ਅਗਲੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਸਾਰੇ ਪਾਰਟੀ ਵਰਕਰਾਂ ਵਿੱਚ ਜੋਸ਼ ਭਰਨਗੇ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਤਰਜੀਹ ਨਾਗਰਿਕ ਅਤੇ ਸ਼ਹਿਰ ਦਾ ਸਰਵਪੱਖੀ ਵਿਕਾਸ ਹੈ।