- ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣੇ ਰੈਗੂਲੇਟਰ ਦਾ ਉਦਘਾਟਨ ਕਰਨਗੇ ਮੁੱਖ ਮੰਤਰੀ ਪੰਜਾਬ
ਸੁਲਤਾਨਪੁਰ ਲੋਧੀ, 17 ਅਕਤੂਬਰ 2023 – ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਸੂਬੇ ਦੇ ਭੱਖਦੇ ਮਸਲਿਆਂ ਨੂੰ ਵਿਚਾਰਰਿਆ। ਸੰਤ ਸੀਚੇਵਾਲ ਨੇ ਮੁੱਖ ਮੰਤਰੀ ਪੰਜਾਬ ਨਾਲ ਹੋਈ ਮੁਲਾਕਾਤ ਤੋਂ ਬਾਅਦ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਹੁੰਦਾ ਜਾ ਰਿਹਾ ਹੈ। ਸਤਲੁਜ ਦਰਿਆ ਬੁਰੀ ਤਰ੍ਹਾਂ ਪਲੀਤ ਹੋ ਗਿਆ ਹੈ। ਪਵਿੱਤਰ ਕਾਲੀ ਵੇਈਂ ਦਾ ਮਾਡਲ ਪੰਜਾਬ ਲਈ ਰਾਹ ਦਸੇਰਾ ਬਣ ਸਕਦਾ ਹੈ।
ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਬੜੀ ਤੇਜ਼ੀ ਨਾਲ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ ਤੇ ਇਸ ਦੇ ਹੱਲ ਲਈ ਚਿੱਟੀ ਵੇਈਂ ਵਿੱਚ ਸਾਫ਼ ਪਾਣੀ ਛੱਡਿਆ ਜਾਣਾ ਹੈ। ਇਸ ਕੰਮ ਲਈ ਬਿਸਤ ਦੋਆਬ ਨਹਿਰ ਵਿੱਚੋਂ 200 ਕਿਊਸਿਕ ਪਾਣੀ ਚਿੱਟੀ ਵੇਈਂ ਵਿੱਚ ਛੱਡਣ ਲਈ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਸਿੰਬਲੀ ਨੇੜੇ ਰੈਗੂਲੇਟਰ ਬਣਕੇ ਤਿਆਰ ਹੈ। ਇਹ ਰੈਲੂਲੇਟਰ ਬਣਾਉਣ ਲਈ ਉਨ੍ਹਾਂ ਨੇ ਆਪਣੇ ਐਮਪੀ ਫੰਡ ਵਿੱਚੋਂ 1 ਕਰੋੜ 19 ਲੱਖ ਤੋਂ ਵੱਧ ਦੀ ਗਰਾਂਟ ਦਿੱਤੀ ਸੀ। ਇਸ ਦਾ ਨੀਂਹ ਪੱਥਰ 8 ਮਈ ਨੂੰ ਮੁੱਖ ਮੰਤਰੀ ਪੰਜਾਬ ਨੇ ਹੀ ਰੱਖਿਆ ਸੀ ਤੇ ਹੁਣ ਉਨ੍ਹਾਂ ਕੋਲੋ ਹੀ ਇਸ ਦਾ ਉਦਘਾਟਨ ਕਰਵਾਇਆ ਜਾਣਾ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਚਾ ਚੁੱਕਣ ਦੀ ਸਾਰਥਿਕ ਸ਼ੁਰੂਆਤ ਹੋ ਸਕੇ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪਾਣੀਆਂ ਨਾਲ ਸੰਬੰਧਤ ਜਿਹੜੇ ਮੁੱਦੇ ਇਸ ਮੁਲਾਕਾਤ ਦੌਰਾਨ ਵਿਚਾਰੇ ਗਏ ਉਨ੍ਹਾ ਵਿੱਚ ਹੜ੍ਹਾਂ ਦੌਰਾਨ ਹੋਈ ਭਾਰੀ ਤਬਾਹੀ ਦੌਰਾਨ ਦਾ ਮੁੱਦਾ ਵੀ ਸ਼ਾਮਿਲ ਸੀ। ਪੰਜਾਬ ਭਰ ਦੇ ਲੋਕਾਂ ਨੇ ਦੋ ਪਾੜ ਰਿਕਾਰਡ ਸਮੇਂ ਵਿੱਚ ਪੂਰ ਦਿੱਤੇ ਸਨ। ਉਨ੍ਹਾਂ ਬੰਨ੍ਹਾਂ ਦੀ ਮਜ਼ਬੂਤੀ ਲਈ ਅਜੇ ਵੀ ਕੰੰਮ ਚੱਲ ਰਿਹਾ ਹੈ। ਉਥੇ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਮੁਲਾਕਾਤ ਦੌਰਾਨ ਪਵਿੱਤਰ ਵੇਈ ਦੇ ਅਧੂਰੇ ਰਹਿੰਦੇ ਕਾਰਜਾਂ ਬਾਰੇ, ਸੁਲਤਾਨਪੁਰ ਲੋਧੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਲਈ ਲੋੜੀਂਦੇ ਪ੍ਰਬੰਧ ਕਰਨ, ਬੁੱਢੇ ਦਰਿਆ ਦੀ ਪੁਰਾਤਨ ਸ਼ਾਨ ਬਹਾਲ ਕਰਨ, ਸੁਲਤਾਨਪੁਰ ਲੋਧੀ ਨੂੰ ਮਾਡਲ ਕਸਬਾ ਬਣਾਉਣ, ਸੋਲਰ ਸਿਟੀ ਬਣਾਉਣ,
ਗਿੱਦੜਪਿੰਡੀ ਤੋਂ ਫਿਲੌਰ ਤੱਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ‘ਤੇ ਪੱਕੀ ਸੜਕ ਬਣਾਉਣ ਸੰਬੰਧੀ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀਆਂ ਇੰਨ੍ਹਾਂ ਮੰਗਾਂ ਨੂੰ ਬੜੀ ਹੀ ਗੰਭੀਰਤਾ ਨਾਲ ਸੁਣਿਆ ਅਤੇ ਸਾਰੀਆਂ ਹੀ ਮੰਗਾਂ ਨੂੰ ਨਿਪੇਰੇ ਚਾੜ੍ਹਨ ਦਾ ਭਰੋਸਾ ਦਿੱਤਾ ਹੈ।