- ਫੋਨ ਬੰਦ ਕਰਵਾ ਲਏ ਕਬਜ਼ੇ ‘ਚ
- ਮੁਲਾਜ਼ਮਾਂ ਦੇ ਘਰਾਂ ‘ਤੇ ਵੀ ਛਾਪੇ ਮਾਰੇ
ਚੰਡੀਗੜ੍ਹ, 17 ਅਕਤੂਬਰ 2023 – ਇਨਕਮ ਟੈਕਸ ਵਿਭਾਗ ਨੇ ਟ੍ਰਾਈਡੈਂਟ ਅਤੇ ਕ੍ਰਿਮਿਕਾ ਗਰੁੱਪ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਦੇਸ਼ ਭਰ ਵਿੱਚ ਸਥਿਤ ਸ਼ਾਖਾਵਾਂ ਵਿੱਚ ਕੀਤੀ ਗਈ ਹੈ। ਆਈਟੀ ਵਿਭਾਗ ਦੀਆਂ ਟੀਮਾਂ ਪੰਜਾਬ ਦੇ ਲੁਧਿਆਣਾ ਅਤੇ ਬਰਨਾਲਾ ਪਹੁੰਚ ਚੁੱਕੀਆਂ ਹਨ। ਫਿਲਹਾਲ ਕਿਸੇ ਨੂੰ ਵੀ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਮੁਲਾਜ਼ਮਾਂ ਦੇ ਫੋਨ ਵੀ ਪਾਸੇ ਰਖਵਾ ਦਿੱਤੇ ਗਏ ਹਨ।
ਸੁਰੱਖਿਆ ਲਈ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੀਆਂ 35 ਟੀਮਾਂ ਛਾਪੇਮਾਰੀ ਕਰਨ ਪਹੁੰਚੀਆਂ ਹਨ। ਟਰਾਈਡੈਂਟ ਗਰੁੱਪ ਧਾਗੇ, ਘਰੇਲੂ ਟੈਕਸਟਾਈਲ, ਕਾਗਜ਼, ਸਟੇਸ਼ਨਰੀ, ਰਸਾਇਣਾਂ ਅਤੇ ਅਡੇਪਟਿਵ ਪਾਵਰ ਦੇ ਖੇਤਰਾਂ ਵਿੱਚ ਕੰਮ ਕਰਦਾ ਹੈ। ਇਹ ਛਾਪੇ ਸਿਰਫ਼ ਰਜਿੰਦਰ ਗੁਪਤਾ ਅਤੇ ਰਜਨੀ ਬੈਕਟਰ ਦੇ ਦਫ਼ਤਰਾਂ ਤੱਕ ਹੀ ਸੀਮਤ ਨਹੀਂ, ਕਈ ਸੀਨੀਅਰ ਮੁਲਾਜ਼ਮਾਂ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੇ ਅਧਿਕਾਰੀ ਮੰਗਲਵਾਰ ਸਵੇਰੇ ਕਰੀਬ 60 ਵਾਹਨਾਂ ਵਿੱਚ ਟਰਾਈਡੈਂਟ ਕੰਪਨੀ ਵਿੱਚ ਦਾਖਲ ਹੋਏ। ਉਨ੍ਹਾਂ ਦੇ ਨਾਲ ਸੀਆਈਐਸਐਫ ਦੇ ਜਵਾਨ ਵੀ ਸ਼ਾਮਲ ਸਨ। ਇਹ ਮਾਮਲਾ ਟੈਕਸ ਚੋਰੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਪੰਜਾਬ ਵਿੱਚ, ਕੰਪਨੀ ਦੀਆਂ ਬਠਿੰਡਾ, ਲੁਧਿਆਣਾ ਅਤੇ ਜਲੰਧਰ ਵਿੱਚ ਵੀ ਸ਼ਾਖਾਵਾਂ ਹਨ। ਸਾਰੀਆਂ ਸ਼ਾਖਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ ਹੈ।
ਟਰਾਈਡੈਂਟ ਗਰੁੱਪ ਦੀ ਸਥਾਪਨਾ ਪਦਮ ਸ਼੍ਰੀ ਰਜਿੰਦਰ ਗੁਪਤਾ ਦੁਆਰਾ ਕੀਤੀ ਗਈ ਹੈ, ਜਦੋਂ ਕਿ ਕ੍ਰਿਮਿਕ ਦੀ ਐਮਡੀ ਰਜਨੀ ਬੈਕਟਰ ਹੈ। ਇਹ ਛਾਪੇ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਹਨ, ਦੇਸ਼ ਭਰ ਵਿੱਚ ਇਨ੍ਹਾਂ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ ਹੈ। ਇਸ ਸਮੇਂ ਮੱਧ ਪ੍ਰਦੇਸ਼ ਦੇ ਬੁਧਨੀ ਪਲਾਂਟ ਵਿੱਚ ਵੀ 40 ਤੋਂ ਵੱਧ ਟੀਮਾਂ ਦੇ ਪਹੁੰਚਣ ਦੀ ਸੰਭਾਵਨਾ ਹੈ।