- 21 ਅਕਤੂਬਰ ਤੋਂ 15 ਨਵੰਬਰ ਤੱਕ ਹੋਵੇਗੀ ਵੋਟਰਾਂ ਦੀ ਰਜਿਸਟ੍ਰੇਸ਼ਨ
ਸ੍ਰੀ ਮੁਕਤਸਰ ਸਾਹਿਬ 17 ਅਕਤੂਬਰ 2023 – ਚੀਫ ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਸਮੂਹ ਗੁਰਦੁਆਰਾ ਬੋਰਡ ਚੋਣ ਹਲਕਿਆਂ ਵਿਚ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਤਹਿਤ ਸਭ ਤੋਂ ਪਹਿਲਾਂ 21 ਅਕਤੂਬਰ 2023 ਨੂੰ ਵੋਟਰ ਰਜਿਸਟ੍ਰੇਸ਼ਨ ਸੁਰੂ ਹੋਵੇਗੀ ਜੋ ਕਿ 15 ਨਵੰਬਰ 2023 ਤੱਕ ਚੱਲੇਗੀ।
ਉਨ੍ਹਾਂ ਦੱਸਿਆ ਕਿ 16 ਨਵੰਬਰ 2023 ਤੋਂ 4 ਦਸੰਬਰ, 2023 ਤੱਕ ਵੋਟਰ ਸੂਚੀਆਂ ਦੀ ਤਿਆਰੀ ਅਤੇ ਪ੍ਰਿਟਿੰਗ ਹੋਵੇਗੀ। ਇਸ ਤੋਂ ਬਾਅਦ 5 ਦਸੰਬਰ 2023 ਨੂੰ ਵੋਟਰ ਸੂਚੀਆਂ ਪ੍ਰਕਾਸਿ਼ਤ ਕੀਤੀਆਂ ਜਾਣਗੀਆਂ ਅਤੇ ਇਸੇ ਹੀ ਦਿਨ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਲੈਣ ਸਬੰਧੀ ਚੋਣ ਹਲਕੇ ਅਨੁਸਾਰ ਨਿਯੁਕਤ ਅਧਿਕਾਰੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਦੀ ਆਖਰੀ ਮਿਤੀ 26 ਦਸੰਬਰ, 2023 ਹੋਵੇਗੀ।
ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਦੱਸਿਆ ਕਿ 4 ਜਨਵਰੀ 2024 ਤੱਕ ਦਾਅਵਿਆਂ ਅਤੇ ਇਤਰਾਜ਼ਾਂ ਦਾ ਸਿੱਖ ਗੁਰਦੁਆਰਾ-ਬੋਰਡ ਚੋਣਾਂ,1959 ਦੇ ਰੂਲ ਨੰਬਰ 10 (3) ਅਨੁਸਾਰ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਬਾਅਦ 15 ਜਨਵਰੀ 2024 ਨੂੰ ਸਪਲੀਮੈਂਟਰੀ ਸੂਚੀਆਂ ਦੀ ਤਿਆਰੀ ਅਤੇ ਪ੍ਰਿਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 16 ਜਨਵਰੀ, 2024 ਨੂੰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕੇ 11-ਮਲੋਟ ਲਈ ਉੱਪ ਮੰਡਲ ਮੈਜਿਸਟ੍ਰੇਟ ਮਲੋਟ ਨੂੰ ਰਿਵਾਈਜਿੰਗ ਅਥਾਰਿਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨਾਲ ਤਹਿਸੀਲਦਾਰ ਮਲੋਟ, ਨਾਇਬ ਤਹਿਸੀਲਦਾਰ ਮਲੋਟ ਨੂੰ ਰਿਵਾਈਜਿੰਗ ਅਥਾਰਿਟੀਜ਼ ਨਾਲ ਬੋਰਡ ਚੋਣ ਹਲਕੇਵਾਰ ਅਧਿਕਾਰੀ ਲਗਾਇਆ ਗਿਆ ਹੈ।
12-ਗਿੱਦੜਬਾਹਾ ਲਈ ਉੱਪ ਮੰਡਲ ਮੈਜਿਸਟ੍ਰੇਟ ਗਿੱਦੜਬਾਹਾ ਨੂੰ ਰਿਵਾਈਜਿੰਗ ਅਥਾਰਿਟੀ ਅਫ਼ਸਰ ਨਿਯੁਕਤ ਅਤੇ ਉਨ੍ਹਾਂ ਨਾਲ ਤਹਿਸੀਲਦਾਰ ਗਿੱਦੜਬਾਹਾ ਨਾਇਬ ਤਹਿਸੀਲਦਾਰ ਗਿੱਦੜਬਾਹਾ ਨੂੰ ਲਗਾਇਆ ਗਿਆ ਹੈ।
13-ਦੋਦਾ ਲਈ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਮਕਤਸਰ ਸਾਹਿਬ ਨੂੰ ਰਿਵਾਈਜਿੰਗ ਅਥਾਰਿਟੀ ਅਫ਼ਸਰ ਨਿਯੁਕਤ ਅਤੇ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਦੋਦਾ ਅਤੇ ਨਾਇਬ ਤਹਿਸੀਲਦਾਰ ਲੰਬੀ ਨੂੰ ਲਗਾਇਆ ਗਿਆ ਹੈ।
14-ਸ੍ਰੀ ਮੁਕਤਸਰ ਸਾਹਿਬ ਲਈ ਉੱਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਨੂੰ ਰਿਵਾਈਜਿੰਗ ਅਥਾਰਿਟੀ ਅਫ਼ਸਰ ਨਿਯੁਕਤ ਅਤੇ ਉਨ੍ਹਾਂ ਨਾਲ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਨੂੰ ਲਗਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਸਮੂਹ ਰਿਵਾਈਜਿੰਗ ਅਥਾਰਿਟੀਜ਼ ਨੂੰ ਹਦਾਇਤ ਕੀਤੀ ਹੈ ਕਿ ਵੋਟਰ ਸੂਚੀ ਤਿਆਰ ਕਰਦੇ ਸਮੇਂ ਪ੍ਰਾਪਤ ਹੋਏ ਸ਼ਡਿਊਲ ਤੇ ਹਦਾਇਤਾਂ ਦੀ ਇੰਨਬਿੰਨ ਪਾਲਣਾ ਕੀਤੀ ਜਾਵੇ।
ਇਸ ਸਬੰਧੀ ਸਿਰਫ ਉਨ੍ਹਾਂ ਬਿਨੈਕਾਰਾਂ ਕੋਲੋਂ ਹੀ ਫਾਰਮ ਪ੍ਰਾਪਤ ਕੀਤੇ ਜਾਣੇ ਹਨ ਜੋ ਸਿੱਖ ਗੁਰਦੁਆਰਾ ਬੋਰਡ ਰੂਲਜ਼ 1959 ਦੇ ਰੂਲ 3 ਤਹਿਤ ਫਾਰਮ ਨੰਬਰ 1 ਅਨੁਸਾਰ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ। ਇਸ ਲਈ ਬਿਨੈਕਾਰ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ। ਬਿਨੈਕਾਰ ਕੋਲੋਂ ਫਾਰਮ ਨਿੱਜ਼ੀ ਤੌਰ ਤੇ ਲੈਣੇ ਹਨ ਅਤੇ ਬੰਡਲਾਂ ਦੇ ਰੂਪ ਵਿੱਚ ਪ੍ਰਾਪਤ ਨਹੀਂ ਕਰਨੇ ਹਨ। ਫਾਰਮ ਨੰਬਰ 1 ਜਿ਼ਲ੍ਹੇ ਦੀ ਵੈਬਸਾਇਟ muktsar.nic.in ਤੇ ਉਪਲਬੱਧ ਹੈ।