- ਗਗਨਯਾਨ ਦਾ ਟੈਸਟ ਵਾਹਨ ਲਾਂਚ
- 17 ਕਿਲੋਮੀਟਰ ਦੀ ਉਚਾਈ ‘ਤੇ ਜਾਵੇਗਾ
- ਕਰੂ ਏਸਕੇਪ ਸਿਸਟਮ ਦੀ ਕਰੇਗਾ ਜਾਂਚ,
- ਕਰੂ ਮਾਡਿਊਲ ਨੂੰ ਸ਼੍ਰੀਹਰੀਕੋਟਾ ਤੋਂ 10 ਕਿਲੋਮੀਟਰ ਦੂਰ ਸਮੁੰਦਰ ‘ਚ ਉਤਾਰਿਆ ਜਾਵੇਗਾ,
- ਇਸ ਤੋਂ ਪਹਿਲਾਂ ਅੱਜ ਮਿਸ਼ਨ ਨੂੰ ਦੋ ਵਾਰ ਕਰਨਾ ਪਿਆ ਸੀ ਮੁਲਤਵੀ
ਬੈਂਗਲੁਰੂ, 21 ਅਕਤੂਬਰ 2023 – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਵੇਰੇ 10 ਵਜੇ ਗਗਨਯਾਨ ਮਿਸ਼ਨ ਦੇ ਪ੍ਰੀਖਣ ਵਾਹਨ ਨੂੰ ਲਾਂਚ ਕੀਤਾ। ਇਸ ਨੂੰ ਟੈਸਟ ਵਹੀਕਲ ਐਬੋਰਟ ਮਿਸ਼ਨ-1 (ਟੀਵੀ-ਡੀ1) ਦਾ ਨਾਂ ਦਿੱਤਾ ਗਿਆ ਹੈ। ਸਰਲ ਭਾਸ਼ਾ ‘ਚ ਜੇਕਰ ਮਿਸ਼ਨ ਦੌਰਾਨ ਰਾਕੇਟ ‘ਚ ਕੋਈ ਖਰਾਬੀ ਆ ਜਾਂਦੀ ਹੈ ਤਾਂ ਪੁਲਾੜ ਯਾਤਰੀ ਨੂੰ ਸੁਰੱਖਿਅਤ ਰੂਪ ਨਾਲ ਧਰਤੀ ‘ਤੇ ਲਿਆਉਣ ਵਾਲੇ ਸਿਸਟਮ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਮਿਸ਼ਨ 8.8 ਮਿੰਟ ਦਾ ਹੈ। ਟੈਸਟ ਫਲਾਈਟ ਦੇ ਤਿੰਨ ਹਿੱਸੇ ਹਨ- ਸਿੰਗਲ ਸਟੇਜ ਲਿਕੁਈਡ ਰਾਕੇਟ, ਚਾਲਕ ਦਲ ਦੇ ਮੋਡੀਊਲ ਅਤੇ ਅਬੋਰਟ ਮਿਸ਼ਨ ਲਈ ਬਣਾਏ ਗਏ ਕਰੂ ਏਕੇਪ ਸਿਸਟਮ। ਕਰੂ ਮੋਡੀਊਲ ਦੇ ਅੰਦਰ ਦਾ ਮਾਹੌਲ ਉਹੋ ਜਿਹਾ ਨਹੀਂ ਹੋਵੇਗਾ ਜਿਵੇਂ ਕਿ ਇਹ ਇੱਕ ਮਾਨਵ ਮਿਸ਼ਨ ਵਿੱਚ ਹੋਵੇਗਾ। ਇਸ ਮਿਸ਼ਨ ‘ਚ 17 ਕਿਲੋਮੀਟਰ ਦੀ ਉਚਾਈ ‘ਤੇ ਜਾਣ ਤੋਂ ਬਾਅਦ ਕਰੂ ਮਾਡਿਊਲ ਨੂੰ ਸ਼੍ਰੀਹਰੀਕੋਟਾ ਤੋਂ 10 ਕਿਲੋਮੀਟਰ ਦੂਰ ਸਮੁੰਦਰ ‘ਚ ਉਤਾਰਿਆ ਜਾਵੇਗਾ। ਫਿਰ ਜਲ ਸੈਨਾ ਇਸ ਨੂੰ ਬਰਾਮਦ ਕਰੇਗੀ।
ਇਸ ਤੋਂ ਪਹਿਲਾਂ ਅੱਜ ਮਿਸ਼ਨ ਨੂੰ ਦੋ ਵਾਰ ਮੁਲਤਵੀ ਕੀਤਾ ਗਿਆ ਸੀ। ਇਸ ਨੂੰ 8 ਵਜੇ ਲਾਂਚ ਕੀਤਾ ਜਾਣਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਇਸ ਦਾ ਸਮਾਂ ਬਦਲ ਕੇ 8.45 ਕਰ ਦਿੱਤਾ ਗਿਆ। ਲਾਂਚ ਕਰਨ ਤੋਂ 5 ਸਕਿੰਟ ਪਹਿਲਾਂ ਇੰਜਣ ਫੇਲ੍ਹ ਹੋ ਗਏ ਅਤੇ ਮਿਸ਼ਨ ਨੂੰ ਰੋਕ ਦਿੱਤਾ ਗਿਆ। ਇਸਰੋ ਨੇ ਕੁਝ ਸਮੇਂ ਬਾਅਦ ਕਿਹਾ ਕਿ ਹੁਣ ਸਮੱਸਿਆ ਠੀਕ ਹੋ ਗਈ ਹੈ। ਵਾਹਨ ਪੂਰੀ ਤਰ੍ਹਾਂ ਸੁਰੱਖਿਅਤ ਹੈ।