- ਬੇਸਬਾਲ ਨਾਲ ਕੁੱਟ ਕੇ 2 ਬੈਗ ਖੋਹੇ
- ਬਦਮਾਸ਼ਾਂ ਨੇ 6 ਲੱਖ ਰੁਪਏ ਅਤੇ ਇੱਕ ਲੈਪਟਾਪ ਖੋਹਿਆ
ਲੁਧਿਆਣਾ, 22 ਅਕਤੂਬਰ 2023 – ਲੁਧਿਆਣਾ ਵਿੱਚ ਚਾਰ ਕਾਰ ਸਵਾਰ ਬਦਮਾਸ਼ਾਂ ਨੇ ਇੱਕ ਐਲੂਮੀਨੀਅਮ ਕਾਰੋਬਾਰੀ ਤੋਂ 6 ਲੱਖ ਰੁਪਏ ਅਤੇ ਇੱਕ ਲੈਪਟਾਪ ਲੁੱਟ ਲਿਆ। ਉਹ ਗਿੱਲ ਰੋਡ ‘ਤੇ ਸਥਿਤ ਆਪਣੀ ਫੈਕਟਰੀ ਤੋਂ ਵਾਪਸ ਕਿਚਲੂ ਨਗਰ ਵੱਲ ਘਰ ਆਇਆ ਸੀ, ਕਿ ਉਸ ਦੇ ਘਰ ਦੇ ਕੋਲ ਇੱਕ ਕਾਰ ਰੁਕੀ। ਦੋ ਨਕਾਬਪੋਸ਼ ਨੌਜਵਾਨਾਂ ਨੇ ਕਾਰ ‘ਚੋਂ ਉਤਰ ਕੇ ਵਪਾਰੀ ‘ਤੇ ਬੇਸਬਾਲ ਬੈਟ ਨਾਲ ਹਮਲਾ ਕਰ ਦਿੱਤਾ।
ਕਾਰੋਬਾਰੀ ਸੌਰਵ ਅਗਰਵਾਲ ਦੇ ਹੱਥ ਵਿੱਚ ਦੋ ਬੈਗ ਸਨ। ਬਦਮਾਸ਼ਾਂ ਨੇ ਹਮਲਾ ਕਰ ਕੇ ਦੋਵੇਂ ਬੈਗ ਖੋਹ ਲਏ। ਇੱਕ ਬੈਗ ਵਿੱਚ ਕਰੀਬ 6 ਲੱਖ ਰੁਪਏ ਦੀ ਨਕਦੀ ਅਤੇ ਇੱਕ ਬੈਗ ‘ਚ ਲੈਪਟਾਪ ਸੀ। ਹਮਲਾ ਕਰਨ ਵਾਲੇ ਬਦਮਾਸ਼ਾਂ ਨੇ ਚਿਹਰੇ ਦੇ ਮਾਸਕ ਪਹਿਨੇ ਹੋਏ ਸਨ, ਪਰ ਪੁਲਿਸ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੀ ਹੈ ਕਿ ਉਨ੍ਹਾਂ ਨੇ ਮਾਸਕ ਪਹਿਨੇ ਹੋਏ ਸਨ ਜਾਂ ਨਹੀਂ। ਕਾਰੋਬਾਰੀ ਦਾ ਰੌਲਾ ਸੁਣ ਕੇ ਪਰਿਵਾਰ ਅਤੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਖੂਨ ਨਾਲ ਲੱਥਪੱਥ ਸੌਰਵ ਨੂੰ ਸੰਭਾਲਿਆ। ਉਦੋਂ ਤੱਕ ਬਦਮਾਸ਼ ਫਰਾਰ ਹੋ ਚੁੱਕੇ ਸਨ।
ਕਾਰੋਬਾਰੀ ਸੌਰਵ ਅਗਰਵਾਲ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਦੀ ਬਾਂਹ ‘ਤੇ ਟਾਂਕੇ ਲਾਏ ਹਨ। ਸੌਰਵ ਨੇ ਦੱਸਿਆ ਕਿ ਜਦੋਂ ਉਹ ਫੈਕਟਰੀ ਤੋਂ ਘਰ ਪਰਤਿਆ ਤਾਂ ਬਦਮਾਸ਼ਾਂ ਨੇ ਉਸ ਦੇ ਘਰ ਦੇ ਬਾਹਰ ਹੀ ਉਸ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਲੋਕਾਂ ਨੇ ਮੂੰਹ ‘ਤੇ ਮਾਸਕ ਪਾਏ ਹੋਏ ਸਨ। ਉਸ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਚੌਕੀ ਕਿਚਲੂ ਨਗਰ ਦੀ ਪੁਲਸ ਅਤੇ ਸੀਨੀਅਰ ਪੁਲਸ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਕਾਰੋਬਾਰੀ ਦੇ ਬਿਆਨ ਦਰਜ ਕੀਤੇ।
ਲੁੱਟ ਤੋਂ ਬਾਅਦ ਏਡੀਸੀਪੀ ਸ਼ੁਭਮ ਅਗਰਵਾਲ ਅਤੇ ਏਸੀਪੀ ਮਨਦੀਪ ਸਿੰਘ ਪੁਲਿਸ ਟੀਮਾਂ ਨਾਲ 1 ਵਜੇ ਤੱਕ ਬਦਮਾਸ਼ਾਂ ਦਾ ਪਤਾ ਲਗਾਉਣ ਲਈ ਚੈਕਿੰਗ ਕਰਦੇ ਰਹੇ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਅਧਿਕਾਰੀਆਂ ਨੇ ਵਾਇਰਲੈੱਸ ‘ਤੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਸ਼ਹਿਰ ਵਿੱਚ ਕਈ ਥਾਵਾਂ ’ਤੇ ਨਾਕਾਬੰਦੀ ਵੀ ਕੀਤੀ ਗਈ। ਪੁਲੀਸ ਨੇ ਦੇਰ ਰਾਤ ਤੱਕ ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ’ਤੇ ਆਉਣ-ਜਾਣ ਵਾਲੀ ਹਰ ਸ਼ੱਕੀ ਕਾਰ ਦੀ ਚੈਕਿੰਗ ਕੀਤੀ।
ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕਾਰੋਬਾਰੀ ਸੌਰਵ ਨੇ ਪੁਲੀਸ ਨੂੰ ਦੱਸਿਆ ਹੈ ਕਿ 6 ਲੱਖ ਰੁਪਏ ਅਤੇ ਇੱਕ ਲੈਪਟਾਪ ਲੁੱਟ ਲਿਆ ਗਿਆ ਹੈ। ਸ਼ਰਾਰਤੀ ਅਨਸਰਾਂ ਦਾ ਪਤਾ ਲਗਾਉਣ ਲਈ ਸ਼ਹਿਰ ਵਿੱਚ ਥਾਂ-ਥਾਂ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਦੇਰ ਰਾਤ ਤੱਕ ਸੇਫ਼ ਸਿਟੀ ਕੈਮਰੇ ਅਤੇ ਲੋਕਾਂ ਦੇ ਘਰਾਂ ਵਿੱਚ ਲੱਗੇ ਕੈਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਵਾਹਨ ਨੰਬਰ ਅਤੇ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਟੀਮਾਂ ਵੀ ਬਣਾਈਆਂ ਗਈਆਂ ਹਨ। ਜਲਦੀ ਹੀ ਬਦਮਾਸ਼ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ। ਕਾਰੋਬਾਰੀ ਸੌਰਵ ਦੀ ਹਾਲਤ ਖਤਰੇ ਤੋਂ ਬਾਹਰ ਹੈ।