ਹੁਸ਼ਿਆਰਪੁਰ, 22 ਅਕਤੂਬਰ 2023 – ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ‘ਚ 20 ਸਾਲਾ ਲੜਕੀ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਲੜਕੀ ਦੀ ਪਛਾਣ ਪਰਮਿੰਦਰ ਕੌਰ ਪੁੱਤਰੀ ਕਿੱਕਰ ਸਿੰਘ ਵਾਸੀ ਪਿੰਡ ਅਜਮੇਰ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਨਹਿਰ ‘ਚੋਂ ਬਾਹਰ ਕੱਢ ਕੇ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਲੜਕੀ ਤਲਵਾੜਾ ਦੇ ਇੱਕ ਕਾਲਜ ਵਿੱਚ ਬੀਏ ਫਾਈਨਲ ਦੀ ਵਿਦਿਆਰਥਣ ਸੀ।
ਹਾਜੀਪੁਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਕੇਰੀਆਂ ਹਾਈਡਲ ਨਹਿਰ ਦੇ ਪਾਵਰ ਹਾਊਸ ਨੰਬਰ 3 ’ਤੇ ਤਾਇਨਾਤ ਗਾਰਡ ਨੇ ਇਤਲਾਹ ਦਿੱਤੀ ਸੀ ਕਿ ਨਹਿਰ ਵਿੱਚ ਇੱਕ ਲੜਕੀ ਦੀ ਲਾਸ਼ ਤੈਰਦੀ ਹੋਈ ਦੇਖੀ ਗਈ ਹੈ। ਜਿੱਥੇ ਪੁਲਿਸ ਟੀਮ ਨੇ ਲਾਸ਼ ਨੂੰ ਕਢਵਾ ਕੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਕਾਲਜ ਲਈ ਰਵਾਨਾ ਹੋਈ ਸੀ। ਜਿਸ ਤੋਂ ਬਾਅਦ ਉਸਦੀ ਲਾਸ਼ ਨਹਿਰ ਵਿੱਚ ਤੈਰਦੀ ਹੋਈ ਦੱਸੀ ਗਈ। ਹਾਜੀਪੁਰ ਪੁਲਿਸ ਨੇ ਹੁਣ ਪਿਤਾ ਦੇ ਬਿਆਨ ਦਰਜ ਕਰਕੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।