- ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
- ਆਪਣੇ ਸਾਥੀਆਂ ਦੀਆਂ ਲਾਸ਼ਾਂ ਵੀ ਲੈ ਗਏ
ਜੰਮੂ-ਕਸ਼ਮੀਰ, 23 ਅਕਤੂਬਰ 2023 – 21 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਉੜੀ ਸੈਕਟਰ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਫੌਜ ਨੇ ਐਤਵਾਰ (22 ਅਕਤੂਬਰ) ਨੂੰ ਇਹ ਜਾਣਕਾਰੀ ਦਿੱਤੀ। ਦੋਵੇਂ ਅੱਤਵਾਦੀ ਇਕ ਵੱਡੇ ਸਮੂਹ ਦਾ ਹਿੱਸਾ ਸਨ, ਜੋ ਲਗਾਤਾਰ ਮੀਂਹ ਅਤੇ ਖਰਾਬ ਮੌਸਮ ਦਾ ਫਾਇਦਾ ਉਠਾਉਂਦੇ ਹੋਏ ਐਲਓਸੀ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਰੱਖਿਆ ਬੁਲਾਰੇ ਨੇ ਕਿਹਾ ਕਿ ਖੁਫੀਆ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਸ ਨੇ ਇਨਪੁਟ ਦਿੱਤੇ ਸਨ ਕਿ ਹਥਿਆਰਬੰਦ ਅੱਤਵਾਦੀਆਂ ਦਾ ਇਕ ਸਮੂਹ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਅਤੇ ਘੁਸਪੈਠ ਰੋਕੂ ਗਰਿੱਡ ਨੂੰ ਮਜ਼ਬੂਤ ਕੀਤਾ ਗਿਆ।
ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਅੱਤਵਾਦੀਆਂ ਦੇ ਸਮੂਹ ਨੂੰ ਫੌਜ ਦੀ ਅਲਰਟ ਟੁਕੜੀ ਨੇ ਰੋਕਿਆ, ਜਿਸ ਤੋਂ ਬਾਅਦ ਅੱਤਵਾਦੀਆਂ ਨੇ ਫੌਜ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੇਰ ਰਾਤ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਰਹੀ, ਜਿਸ ‘ਚ ਦੋ ਅੱਤਵਾਦੀ ਮਾਰੇ ਗਏ। ਬਾਕੀ ਅੱਤਵਾਦੀ ਆਪਣੀ ਸੀਮਾ ‘ਤੇ ਵਾਪਸ ਪਰਤ ਗਏ। ਉਹ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਵੀ ਚੁੱਕ ਕੇ ਲੈ ਗਏ।
ਦੋ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਫੌਜ ਨੇ ਸ਼ਨੀਵਾਰ ਰਾਤ ਤੋਂ ਐਤਵਾਰ ਸ਼ਾਮ ਤੱਕ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਮੌਕੇ ਤੋਂ ਜੰਗੀ ਪੱਧਰ ਦੇ ਹਥਿਆਰ ਮਿਲੇ ਹਨ। ਇਨ੍ਹਾਂ ਵਿੱਚ ਦੋ ਏਕੇ ਸੀਰੀਜ਼ ਦੀਆਂ ਰਾਈਫਲਾਂ, 6 ਪਿਸਤੌਲ, ਚਾਰ ਚੀਨੀ ਗਰਨੇਡ, ਕੰਬਲ ਅਤੇ ਪਾਕਿਸਤਾਨੀ ਅਤੇ ਭਾਰਤੀ ਕਰੰਸੀ, ਪਾਕਿਸਤਾਨੀ ਦਵਾਈਆਂ ਅਤੇ ਖਾਣ-ਪੀਣ ਦੀਆਂ ਵਸਤੂਆਂ ਵਾਲੇ ਦੋ ਖੂਨ ਨਾਲ ਲਿਬੜੇ ਬੈਗ ਸ਼ਾਮਲ ਸਨ। ਖ਼ਰਾਬ ਮੌਸਮ ਕਾਰਨ ਫ਼ੌਜ ਨੇ ਐਤਵਾਰ ਦੇਰ ਰਾਤ ਸਰਚ ਆਪਰੇਸ਼ਨ ਰੋਕ ਦਿੱਤਾ, ਜਿਸ ਨੂੰ ਮੌਸਮ ਸਾਫ਼ ਹੁੰਦੇ ਹੀ ਮੁੜ ਸ਼ੁਰੂ ਕੀਤਾ ਜਾਵੇਗਾ।