ਦਾ ਐਡੀਟਰ ਨਿਊਜ਼, ਨਵੀਂ ਦਿੱਲੀ, 23 ਅਕਤੂਬਰ 2023 – ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਐਤਵਾਰ 22 ਅਕਤੂਬਰ 2023 ਨੂੰ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਚੱਲ ਰਹੇ ਤਣਾਅ ਵਿਚਾਲੇ ਇੱਕ ਵੱਡਾ ਅਤੇ ਮਹੱਤਵਪੂਰਨ ਬਿਆਨ ਦਿੱਤਾ ਹੈ। ਪਿਛਲੇ ਦਿਨੀਂ ਕੈਨੇਡਾ ਨੇ ਭਾਰਤ ਤੋਂ ਕਰੀਬ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ ਸੀ।
ਜਿਸ ਤੋਂ ਬਾਅਦ ਹੁਣ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਨ। ਅਸੀਂ ਜਲਦ ਵੀਜ਼ਾ ਸੇਵਾ ਸ਼ੁਰੂ ਕਰਾਂਗੇ, ਪਰ ਸਾਡੀ ਤਰਜੀਹ ਡਿਪਲੋਮੈਟਾਂ ਦੀ ਸੁਰੱਖਿਆ ਹੈ। ਜੈਸ਼ੰਕਰ ਨੇ ਕਿਹਾ ਕਿ ਜੇਕਰ ਸਾਨੂੰ ਕੈਨੇਡਾ ‘ਚ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ‘ਚ ‘ਪੁਖਤਾ ਸੁਧਾਰ’ ਦਿਸਦਾ ਹੈ ਤਾਂ ਅਸੀਂ ਉਥੇ ਵੀਜ਼ਾ ਜਾਰੀ ਕਰਨਾ ਫਿਰ ਤੋਂ ਸ਼ੁਰੂ ਕਰਨਾ ਚਾਹਾਂਗੇ। ਭਾਰਤ ਵਿਚ ਕੈਨੇਡਾ ਦੀ ਕੂਟਨੀਤਕ ਮੌਜੂਦਗੀ ਨੂੰ ਘਟਾਉਣ ਬਾਰੇ ਉਨ੍ਹਾਂ ਕਿਹਾ ਕਿ ਡਿਪਲੋਮੈਟਿਕ ਸੰਬੰਧਾਂ ਬਾਰੇ ਵੀਏਨਾ ਸੰਧੀ ਵਿਚ ਕੂਟਨੀਤਕ ਸਮਾਨਤਾ ਪ੍ਰਦਾਨ ਕੀਤੀ ਗਈ ਹੈ।
ਦਰਅਸਲ ਕੈਨੇਡਾ ਨੇ ਭਾਰਤ ਸਰਕਾਰ ‘ਤੇ ਹਰਦੀਪ ਸਿੰਘ ਨਿੱਝਰ ਦਾ ਕਤਲ ਕਰਵਾਉਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ।
ਜੈਸ਼ੰਕਰ ਨੇ ਐਤਵਾਰ ਨੂੰ ਇਕ ਪ੍ਰੋਗਰਾਮ ‘ਚ ਕਿਹਾ, ਭਾਰਤ-ਕੈਨੇਡਾ ਸਬੰਧ ਇਸ ਸਮੇਂ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਨ। ਸਾਡੀ ਸਮੱਸਿਆ ਕੈਨੇਡੀਅਨ ਰਾਜਨੀਤੀ ਦੇ ਕੁਝ ਹਿੱਸਿਆਂ ਨਾਲ ਹੈ। ਇਸ ਸਮੇਂ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਵੀਜ਼ਾ ਨੂੰ ਲੈ ਕੇ ਹੈ। ਕੁਝ ਹਫ਼ਤੇ ਪਹਿਲਾਂ ਅਸੀਂ ਕੈਨੇਡਾ ਦਾ ਵੀਜ਼ਾ ਜਾਰੀ ਕਰਨਾ ਬੰਦ ਕਰ ਦਿੱਤਾ ਸੀ ਕਿਉਂਕਿ ਸਾਡੇ ਡਿਪਲੋਮੈਟਾਂ ਲਈ ਵੀਜ਼ਾ ਜਾਰੀ ਕਰਨ ਲਈ ਕੰਮ ‘ਤੇ ਜਾਣਾ ਸੁਰੱਖਿਅਤ ਨਹੀਂ ਸੀ। ਜੇਕਰ ਅਸੀਂ ਕੈਨੇਡਾ ਵਿੱਚ ਆਪਣੇ ਡਿਪਲੋਮੈਟਾਂ ਲਈ ਸੁਰੱਖਿਆ ਦੀ ਸੰਭਾਵਨਾ ਦੇਖਦੇ ਹਾਂ, ਤਾਂ ਅਸੀਂ ਵੀਜ਼ਾ ਸੇਵਾ ਦੁਬਾਰਾ ਜਾਰੀ ਕਰਨਾ ਸ਼ੁਰੂ ਕਰ ਦੇਵਾਂਗੇ।