ਅੰਮ੍ਰਿਤਸਰ, 23 ਅਕਤੂਬਰ 2023 – ਅੰਮ੍ਰਿਤਸਰ ਚ ਵਿਆਹ ਸਮਾਗਮ ‘ਚ ਕਾਫੀ ਹੰਗਾਮਾ ਹੋਇਆ। ਦਰਅਸਲ, ਵਿਆਹ ਦੇ ਮਹਿਮਾਨਾਂ ਨੂੰ ਪਰੋਸੇ ਗਏ ਖਾਣੇ ਵਿੱਚ ਸੁੰਡੀਆਂ ਮਿਲੀਆਂ ਤੇ ਇਸ ਦੌਰਾਨ ਰਿਜ਼ੋਰਟ ਦੇ ਮਾਲਕ ਨੇ ਹੱਥ ਖੜ੍ਹੇ ਕਰ ਦਿੱਤੇ ਅਤੇ ਸਿਰਫ ਜਗਹ ਦੇਣ ਲਈ ਕਿਹਾ ਸੀ। ਲੜਕੀ ਦੇ ਪਰਿਵਾਰ ਨਾਲ ਰੀਜ਼ੋਰਟ ਕਰਨ ਵਾਲਾ ਵਿਅਕਤੀ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਅਖੀਰ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ।
ਘਟਨਾ ਦੇਰ ਰਾਤ ਛੇਹਰਟਾ ਚੁੰਗੀ ਨੇੜੇ ਸਥਿਤ ਰਿਜ਼ੋਰਟ ਈਸਟਾ ਵਿਖੇ ਵਿਆਹ ਦੀ ਹੈ ਜਦੋਂ ਵਿਆਹ ਦੀ ਬਰਾਤ ਰਿਜ਼ੋਰਟ ‘ਚ ਪਹੁੰਚੀ ਤਾਂ ਖਾਣਾ ਪਰੋਸਿਆ ਜਾਣ ਲੱਗਾ। ਇਸ ਦੌਰਾਨ ਪਰੋਸੇ ਗਏ ਮੰਚੂਰੀਅਨ ਅਤੇ ਗੁਲਾਬ ਜਾਮੁਨ ਸਮੇਤ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਜ਼ਿੰਦਾ ਸੁੰਡੀਆਂ ਨਿਕਲੀਆਂ। ਜਿਸ ਤੋਂ ਬਾਅਦ ਵਿਆਹ ਦੇ ਮਹਿਮਾਨਾਂ ਨੇ ਰਿਜ਼ੋਰਟ ‘ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਲੜਕੀ ਵਾਲਿਆਂ ਨੇ ਰਿਜ਼ੋਰਟ ਮਾਲਕ ਨੂੰ ਘੇਰ ਲਿਆ ਜਿਸ ਤੋਂ ਬਾਅਦ ਹੰਗਾਮਾ ਹੋਰ ਵਧ ਗਿਆ। ਜਿਸ ਮੈਨੇਜਰ ਨੂੰ ਲੜਕੀ ਦੇ ਪੱਖ ਨੇ ਪੈਸੇ ਦਿੱਤੇ ਸੀ ਉਹ ਉਥੋਂ ਫਰਾਰ ਹੋ ਗਿਆ ਸੀ। ਜਦੋਂ ਰਿਜ਼ੋਰਟ ਮਾਲਕ ਨੇ ਲੜਕੀ ਵਾਲਿਆਂ ਦੀ ਗੱਲ ਨਾ ਸੁਣੀ ਤਾਂ ਉਹ ਸੜਕ ’ਤੇ ਆ ਗਏ। ਲੜਕੀ ਦੀ ਪਾਰਟੀ ਅਤੇ ਵਿਆਹ ਦੇ ਬਰਾਤ ਨੇ ਜੀਟੀ ਰੋਡ ਜਾਮ ਕਰ ਦਿੱਤਾ। ਇਸ ਦੌਰਾਨ ਲੜਕੀ ਪਰਿਵਾਰ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਇਸ ਰਿਜੋਰਟ ਦੇ ਵਿੱਚ ਬੁਕਿੰਗ ਕਰਵਾਈ ਗਈ ਸੀ ਤੇ ਇਸ ਰਿਜ਼ੋਰਟ ਦੇ ਵਿੱਚ ਪਲੇਟਸ ਸਿਸਟਮ ਨਾਲ ਬੁਕਿੰਗ ਕਰਵਾਈ ਗਈ ਸੀ ਲੇਕਿਨ ਜਦੋਂ ਖਾਣੇ ਦੌਰਾਨ ਵਿੱਚੋਂ ਕੀੜੇ ਮਕੌੜੇ ਨਿਕਲੇ ਤਾਂ ਉਹਨਾਂ ਵੱਲੋਂ ਇਸਦਾ ਵਿਰੋਧ ਵੀ ਕੀਤਾ ਗਿਆ ਅਤੇ ਜਦੋਂ ਰਿਜੋਰਟ ਮਾਲਕ ਵੱਲੋਂ ਉਹਨਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਗਈ ਤਾਂ ਮਜਬੂਰਨ ਉਹਨਾਂ ਨੂੰ ਸੜਕ ਤੇ ਆ ਕੇ ਧਰਨਾ ਪ੍ਰਦਰਸ਼ਨ ਕਰਨਾ ਪਿਆ।
ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਸਿਆਟਾ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਰੈਸਟੋਰੈਂਟ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ ਅਤੇ ਇਸ ਵਿਆਹ ਸਮਾਗਮ ਦੇ ਵਿੱਚ ਕੁਝ ਲੋਕਾਂ ਵੱਲੋਂ ਸ਼ਰਾਬ ਦਾ ਸੇਵਨ ਵੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇੱਥੇ ਕਾਫੀ ਵਾਦ ਵਿਵਾਦ ਦੇਖਣ ਨੂੰ ਮਿਲਿਆ ਉਹਨਾਂ ਨੂੰ ਦੱਸਿਆ ਕਿ ਲੜਕੀ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਰੈਸਟੋਰੈਂਟ ਵਿੱਚ ਜੋ ਖਾਣਾ ਪਰੋਸਿਆ ਗਿਆ ਹੈ ਉਸ ਵਿੱਚ ਸੂੰਡੀਆਂ ਤੇ ਕੀੜੇ ਨਿਕਲੇ ਹਨ ਜਿਸ ਸਬੰਧੀ ਲੜਕੀ ਪਰਿਵਾਰ ਵਾਲਿਆਂ ਕੋਲ ਦਰਖਾਸਤ ਲੈ ਲਿੱਤੀ ਹੈ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਲੜਕੀ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਉਹ ਧਰਨਾ ਪ੍ਰਦਰਸ਼ਨ ਖਤਮ ਕਰਵਾ ਦਿੱਤਾ ਗਿਆ ਹੈ।