ਮੌੜ ਮੰਡੀ, 24 ਅਕਤੂਬਰ 2023 – ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਲੀ ਖੁਰਦ ਦੇ ਲੋਕਾਂ ਨੂੰ ਆਪਣੇ ਪਿੰਡ ਦਾ ਨਾਮ ਬਹਾਲ ਰੱਖਣ ਦੇ ਲਈ ਬੀਡੀਪੀਓ ਤੋਂ ਲੈ ਕੇ ਦਿੱਲੀ ਦੇ ਗ੍ਰਹਿ ਵਿਭਾਗ ਤੱਕ ਲੰਮੀ ਲੜਾਈ ਲੜਨੀ ਪਈ। ਅਸਲ ਵਿੱਚ ਇਹ ਹੋਇਆ ਕਿ 2016 ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਚੁੱਪ ਚੁਪੀਤੇ ਹੀ ਪਿੰਡ ਦਾ ਨਾਮ ਬਦਲਕੇ ਕੋਟਲੀ ਖੁਰਦ ਤੋਂ ਪ੍ਰੇਮ ਕੋਟਲੀ ਕਰ ਦਿੱਤਾ। ਇਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਪਿੰਡ ਦਾ ਨਾਮ ਕੋਟਲੀ ਖੁਰਦ ਕਾਇਮ ਰੱਖਣ ਲਈ ਲੰਮਾ ਸੰਘਰਸ਼ ਲੜਿਆ ਗਿਆ। ਹੁਣ ਆਖ਼ਰ ਪੰਜਾਬ ਸਰਕਾਰ ਨੇ ਕੇਂਦਰ ਦੇ ਗ੍ਰਹਿ ਵਿਭਾਗ ਦੀ ਮੰਨਜੂਰੀ ਤੋ ਬਾਅਦ ਪਿੰਡ ਦਾ ਨਾਮ ਮੁੜ ਬਦਲ ਕੇ ‘ਪ੍ਰੇਮ ਕੋਟਲੀ’ ਤੋਂ ‘ਕੋਟਲੀ ਖੁਰਦ’ ਕਰ ਦਿੱਤਾ ਹੈ।
4 ਅਗਸਤ 2016 ਨੂੰ ਜਾਰੀ ਇੱਕ ਨੋਟੀਫਿਕੇਸ਼ਨ (ਨੰਬਰ 16459) ਤਹਿਤ ਅਚਾਨਕ ਇਸ ਪਿੰਡ ਦਾ ਨਾਮ ਕੋਟਲੀ ਖੁਰਦ ਤੋਂ ਬਦਲ ਕੇ ਪ੍ਰੇਮ ਕੇਟਲੀ ਕਰ ਦਿੱਤਾ ਸੀ। ਤਤਕਾਲੀ ਅਕਾਲੀ ਸਰਕਾਰ ਨੇ ਇਹ ਫੈਸਲਾ ਪਿੰਡ ਦੀ ਪੰਚਾਇਤ ਵਲੋਂ ਪਾਏ ਮਤੇ ਤਂ ੋ ਬਾਅਦ ਲਿਆ ਸੀ, ਜਿਸਦੇ ਪਿੱਛੇ ਪਿੰਡ ਵਾਸੀਆਂ ਨੇ ਵੋਟ ਰਾਜਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਲੰਮੀ ਸੰਘਰਸ ਭਰੀ ਲੜਾਈ ਲੜਣ ਵਾਲੇ ਪਿੰਡ ਦੇ ਲੋਕਾਂ ਦਾ ਦਾਅਵਾ ਹੈ ਕਿ ਇੱਕ ਵਰਗ ਵਿਸੇਸ ਨੂੰ ਖੁਸ ਕਰਨ ਲਈ ਸਰਕਾਰ ਨੇ ਇਹ ਫੈਸਲਾ ਲਿਆ ਸੀ ਪ੍ਰੰਤੂ ਇਸ ਫੈਸਲੇ ਨਾਲ ਪਿੰਡ ਵਾਸੀਆਂ ਨੂੰ ਵੱਡੀਆਂ ਦਿੱਕਤਾਂ ਖੜੀਆਂ ਹੋ ਗਈਆਂ।
ਇਸ ਫੈਸਲੇ ਤੋਂ ਬਾਅਦ ਪਿੰਡ ਵਾਸੀਆਂ ਦੇ ਦਸਤਾਵੇਜਾਂ ਨੂੰ ਲੈ ਕੇ ਵੀ ਨਵੀਂ ਚਿੰਤਾ ਪੈਦਾ ਹੋ ਗਈ ਸੀ ਕਿ ਹੁਣ ਵਿਦਿਅਕ ਪਾਸਪੋਰਟ, ਆਧਾਰ ਕਾਰਡ ਤੇ ਹੋਰਨਾਂ ਜ਼ਰੂਰੀ ਦਸਤਾਵੇਜਾਂ ਦੇ ਨਾਮ ਬਦਲਣੇ ਪੈਣੇ ਸਨ। ਇਸ ਫੈਸਲੇ ਨਾਲ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਜਿੰਨਾਂ ਬੀਡੀਪੀਓ ਤੋਂ ਲੈ ਕੇ ਦਿੱਲੀ ਦੇ ਗ੍ਰਹਿ ਵਿਭਾਗ ਤੱਕ ਪਿੰਡ ਦਾ ਨਾਮ ਕੋਟਲੀ ਖੁਰਦ ਬਚਾਉਣ ਲਈ ਲੰਮੀ ਲੜਾਈ ਲੜੀ। ਹੁਣ ਪੰਜਾਬ ਸਰਕਾਰ ਨੇ 12 ਅਕਤੂਬਰ 2023 ਨੂੰ ਮੁੜ ਤੋਂ ਪਿੰਡ ਦਾ ਨਾਮ ਕੋਟਲੀ ਖੁਰਦ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਪਿੰਡ ਦਾ ਨਾਮ ਮੁੜ ਤੋਂ ਕੋਟਲੀ ਖੁਰਦ ਕਰਨ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਪਿੰਡ ਵਾਸੀਆਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ਗਿਆ ਹੈ, ਜਿਸ ਦੇ ਭੋਗ 29 ਅਕਤੂਬਰ ਦਿਨ ਐਤਵਾਰ ਨੂੰ ਪਾਏ ਜਾਣਗੇ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿੰਡ ਦੇ ਕਾਫੀ ਲੋਕ ਡੇਰਾ ਸੱਚਾ ਸੌਦਾ ਸਿਰਸਾ ਨਾਲ ਜੁੜੇ ਹੋਏ ਹਨ। ਡੇਰਾ ਸਿਰਸਾ ਵਿਚ ਪਿੰਡ ਕੋਟਲੀ ਨੂੰ ਪ੍ਰੇਮ ਕੋਟਲੀ ਕਿਹਾ ਜਾਂਦਾ ਹੈ, ਜਿਸ ਨੂੰ ਲੈ ਕੇ ਅਕਾਲੀ-ਭਾਜਪਾ ਸਰਕਾਰ ਵੱਲੋਂ ਡੇਰਾ ਨਾਲ ਜੁੜੇ ਹੋਣ ਕਾਰਨ ਪਿੰਡ ਦਾ ਨਾਮ ਹੀ ਪ੍ਰੇਮ ਕੋਟਲੀ ਕਰ ਦਿੱਤਾ ਸੀ।