ਨਵੀਂ ਦਿੱਲੀ, 28 ਅਕਤੂਬਰ 2023 – ਕੈਨੇਡਾ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਅਤੇ ਧੋਖਾਧੜੀ ਦੇ ਮਾਮਲਿਆਂ ਤੋਂ ਅਸਲ ਵਿਦਿਆਰਥੀਆਂ ਦੀ ਬਿਹਤਰ ਸੁਰੱਖਿਆ ਲਈ ਉਪਾਵਾਂ ਨੂੰ ਲਾਗੂ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਇਹ ਐਲਾਨ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰਾਲੇ ਨੇ ਕੀਤਾ ਹੈ।
ਇਸ ਦੇ ਤਹਿਤ, ਪੋਸਟ-ਸੈਕੰਡਰੀ ਡੈਜ਼ੀਗਨੇਟਿਡ ਲਰਨਿੰਗ ਇੰਸਟੀਚਿਊਸ਼ਨਜ਼ ਨੂੰ 1 ਦਸੰਬਰ ਤੋਂ ਸਟੱਡੀ ਪਰਮਿਟ ਜਾਰੀ ਕਰਨ ਤੋਂ ਪਹਿਲਾਂ ਨਵੀਂ ਤਸਦੀਕ ਪ੍ਰਕਿਰਿਆ ਦੇ ਤਹਿਤ ਹਰੇਕ ਬਿਨੈਕਾਰ ਦੇ ਸਵੀਕ੍ਰਿਤੀ ਪੱਤਰ ਦੀ ਪੁਸ਼ਟੀ ਕਰਨੀ ਹੋਵੇਗੀ।
ਟਰੂਡੋ ਸਰਕਾਰ ਨੇ ਇਸ ਲਈ ਸਰਕਾਰ ਨੇ ਵਿਸ਼ੇਸ਼ ਟਾਸਕ ਫੋਰਸ ਬਣਾ ਦਿੱਤੀ ਹੈ। ਕੈਨੇਡਾ ਸਰਕਾਰ ਨੇ ਫਰਜ਼ੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਨਿਯਮਾਂ ਨੂੰ ਸਖਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਦੇਰ ਰਾਤ ਨਵੇਂ ਵੀਜ਼ਾ ਨਿਯਮਾਂ ਦਾ ਐਲਾਨ ਕੀਤਾ ਗਿਆ। ਇਸ ਨਵੀਂ, ਵਿਸਥਾਰਤ ਤਸਦੀਕ ਪ੍ਰਕਿਰਿਆ ਦਾ ਉਦੇਸ਼ ਸੰਭਾਵੀ ਵਿਦਿਆਰਥੀਆਂ ਨੂੰ ਲੈਟਰ-ਆਫ਼-ਸਵੀਕ੍ਰਿਤੀ ਧੋਖਾਧੜੀ ਤੋਂ ਬਚਾਉਣਾ ਅਤੇ ਉਨ੍ਹਾਂ ਨੂੰ ਅਜਿਹੀਆਂ ਸਮੱਸਿਆਵਾਂ ਤੋਂ ਬਚਣ ਵਿਚ ਮਦਦ ਕਰਨਾ ਹੈ ਜੋ ਇਸ ਸਾਲ ਦੇ ਸ਼ੁਰੂ ਵਿਚ ਕੁਝ ਵਿਦਿਆਰਥੀਆਂ ਨੂੰ ਧੋਖਾਧੜੀ ਦੀ ਜਾਂਚ ਦੇ ਨਤੀਜੇ ਵਜੋਂ ਸਾਹਮਣਾ ਕਰਨਾ ਪਿਆ ਸੀ।
ਨਵੇਂ ਵੀਜ਼ਾ ਨਿਯਮਾਂ ਦੇ ਤਹਿਤ ਕੈਨੇਡਾ ਦੇ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖ਼ਲੇ ਲਈ ਸਟੱਡੀ ਪਰਮਿਟ ਜਾਰੀ ਕਰਨ ਤੋਂ ਪਹਿਲਾਂ ਉਸ ਕਾਲਜ ਜਾਂ ਯੂਨੀਵਰਸਿਟੀ ਵੱਲੋਂ ਦਾਖ਼ਲਾ ਪੱਤਰ ਤਸਦੀਕ ਕੀਤਾ ਜਾਵੇਗਾ। ਉਥੋਂ ਤਸਦੀਕ ਕਰਨ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਜਾਰੀ ਕੀਤਾ ਜਾਵੇਗਾ।
ਨਵੇਂ ਸਟੱਡੀ ਵੀਜ਼ਾ ਨਿਯਮਾਂ ਨੂੰ ਜਾਰੀ ਕਰਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਫਰਜ਼ੀ ਦਾਖ਼ਲਾ ਪੱਤਰ ਸਾਡੇ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹਨ। ਕਈ ਵਾਰ ਵਿਦਿਆਰਥੀਆਂ ਨੂੰ ਵੀ ਇਸ ਧੋਖਾਧੜੀ ਬਾਰੇ ਪਤਾ ਨਹੀਂ ਹੁੰਦਾ। ਅਜਿਹੇ ਮਾਮਲਿਆਂ ਵਿੱਚ ਅਸੀਂ ਵਿਦਿਆਰਥੀਆਂ ਦੀ ਮਦਦ ਵੀ ਕਰਾਂਗੇ। ਭਾਵੇਂ ਕੋਈ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਰਹੇ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਕੰਮ ਕਰਦੇ ਹਨ ਜਾਂ ਘਰ ਵਾਪਸ ਜਾਂਦੇ ਹਨ, ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਵਿਚ ਇਕ ਵਿਦਿਆਰਥੀ ਵਜੋਂ ਉਨ੍ਹਾਂ ਦਾ ਸਮਾਂ ਉਨ੍ਹਾਂ ਦੇ ਵਿਕਾਸ ਅਤੇ ਇੱਛਾਵਾਂ ਲਈ ਲਾਭਦਾਇਕ ਰਹੇ।”
ਕੈਨੇਡੀਅਨ ਮੰਤਰਾਲੇ ਨੇ ਕਿਹਾ ਕਿ ਖ਼ਾਸ ਤੌਰ ‘ਤੇ, ਅੰਤਰਰਾਸ਼ਟਰੀ ਸਿੱਖਿਆ ਸਾਲਾਨਾ 22 ਬਿਲੀਅਨ ਡਾਲਰ ਤੋਂ ਵੱਧ ਦੀ ਆਰਥਿਕ ਗਤੀਵਿਧੀ ਦਾ ਯੋਗਦਾਨ ਪਾਉਂਦੀ ਹੈ, ਜੋ ਕੈਨੇਡਾ ਦੇ ਆਟੋ ਪਾਰਟਸ, ਲੰਬਰ ਜਾਂ ਏਅਰਕ੍ਰਾਫਟ ਦੇ ਨਿਰਯਾਤ ਨਾਲੋਂ ਵੱਧ ਹੈ, ਅਤੇ ਕੈਨੇਡਾ ਵਿਚ 200,000 ਤੋਂ ਵੱਧ ਨੌਕਰੀਆਂ ਦਾ ਅਧਾਰ ਹੈ। 2020 ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਅਸਥਾਈ ਗਿਰਾਵਟ ਦੇ ਨਤੀਜੇ ਵਜੋਂ ਉਸ ਸਾਲ ਕੈਨੇਡਾ ਦੇ ਕੁੱਲ੍ਹ ਘਰੇਲੂ ਉਤਪਾਦ ਨੂੰ USD 7 ਬਿਲੀਅਨ ਤੋਂ ਵੱਧ ਦਾ ਨੁਕਸਾਨ ਹੋਇਆ ਸੀ।
700 ਭਾਰਤੀ ਵਿਦਿਆਰਥੀਆਂ ਨਾਲ ਧੋਖਾਧੜੀ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਜੂਨ ‘ਚ ਪੰਜਾਬ ਮੂਲ ਦੇ ਟਰੈਵਲ ਏਜੰਟ ਮਿਸ਼ਰਾ ਨੂੰ ਕੈਨੇਡਾ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ‘ਤੇ ਸਟੱਡੀ ਵੀਜ਼ਾ ਹਾਸਲ ਕਰਨ ਲਈ ਕਾਲਜਾਂ ਤੋਂ ਜਾਅਲੀ ਦਾਖਲਾ ਪੱਤਰ ਦੇ ਕੇ ਲਗਭਗ 700 ਭਾਰਤੀ ਵਿਦਿਆਰਥੀਆਂ ਨੂੰ ਧੋਖਾ ਦੇਣ ਦਾ ਦੋਸ਼ ਹੈ।
ਟਰੂਡੋ ਸਰਕਾਰ ਨੇ ਇਹ ਐਲਾਨ ਭਾਰਤ ਵੱਲੋਂ ਚਾਰ ਸ਼੍ਰੇਣੀਆਂ ਵਿੱਚ ਵੀਜ਼ਾ ਸੇਵਾਵਾਂ ਮੁੜ ਖੋਲ੍ਹਣ ਤੋਂ ਇੱਕ ਦਿਨ ਬਾਅਦ ਆਇਆ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਨਾਲ ਸਬੰਧ ਵਿਗੜਨ ਤੋਂ ਬਾਅਦ ਭਾਰਤ ਨੇ ਕੈਨੇਡਾ ਤੋਂ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਜਿਨ੍ਹਾਂ ਨੂੰ ਹੁਣ ਮੁੜ ਖੋਲ੍ਹਿਆ ਗਿਆ ਹੈ।