- ਆਕਲੈਂਡ ਸ਼ਹਿਰ ‘ਚ ਗਿਆ ਸੀ ਮ੍ਰਿਤਕ ਜੋਬਨ ਸਿੰਘ,
- ਮ੍ਰਿਤਕ ਨੌਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖਹਿਰਾ ਕਲਾ ਦਾ ਰਹਿਣ ਵਾਲਾ ਸੀ,
- ਪਰਿਵਾਰ ਦੀ ਆਖਰੀ ਵਾਰ ਗੱਲ 8 ਅਕਤੂਬਰ ਨੂੰ ਹੋਈ ਸੀ
ਗੁਰਦਾਸਪੁਰ, 28 ਅਕਤੂਬਰ 2023 – ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਖਹਿਰਾ ਕਲਾ ਦੇ ਨੌਜਵਾਨ ਦੀ ਨਿਊਜ਼ੀਲੈਂਡ ‘ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਦੇ ਸਰਪੰਚ ਹਾਕਮ ਰਾਏ ਅਤੇ ਚਚੇਰੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੋਬਨ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਖਹਿਰਾ ਫਰਵਰੀ 2019 ਵਿੱਚ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ‘ਚ ਗਿਆ ਸੀ।
ਪਰਿਵਾਰ ਨੇ ਆਖਰੀ ਵਾਰ 8 ਅਕਤੂਬਰ ਨੂੰ ਗੱਲ ਕੀਤੀ ਸੀ। ਇਸ ਤੋਂ ਬਾਅਦ ਜੋਬਨ ਸਿੰਘ ਦਾ ਫੋਨ ਅਤੇ ਇੰਟਰਨੈੱਟ ਬੰਦ ਹੋ ਗਿਆ। ਇਸ ਤੋਂ ਬਾਅਦ ਪਰਿਵਾਰ ਨੇ ਜੋਬਨ ਨਾਲ ਕੋਈ ਗੱਲ ਨਹੀਂ ਕੀਤੀ। ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਐਸਐਸਪੀ ਬਟਾਲਾ ਦਫ਼ਤਰ ਨੂੰ ਨਿਊਜ਼ੀਲੈਂਡ ਤੋਂ ਮੇਲ ਮਿਲੀ ਸੀ ਕਿ ਪਿੰਡ ਖਹਿਰਾ ਕਲਾਂ ਦੇ ਨੌਜਵਾਨ ਜੋਬਨ ਸਿੰਘ ਦੀ 13 ਅਕਤੂਬਰ ਨੂੰ ਮੌਤ ਹੋ ਗਈ ਹੈ।
ਪਿੰਡ ਦੇ ਸਰਪੰਚ ਹਕੁਮਤ ਰਾਏ ਨੂੰ ਬਾਂਗਰ ਥਾਣਾ ਘਣੀਆ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਪਿੰਡ ਦੇ ਜੋਬਨ ਸਿੰਘ ਦੀ ਨਿਊਜ਼ੀਲੈਂਡ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਜੋਬਨ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜੋਬਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਨਿਊਜ਼ੀਲੈਂਡ ਤੋਂ ਲਿਆਉਣ ਲਈ ਮਦਦ ਕੀਤੀ ਜਾਵੇ। ਤਾਂ ਜੋ ਉਸਦਾ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ।