ਸੁਖਬੀਰ ਬਾਦਲ ਨੇ ਆਪ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦੱਸਣ ਲਈ ਇਕ ਦਿਨ ਵਿਚ 25 ਕਰੋੜ ਰੁਪਏ ਬਰਬਾਦ ਕਰਨ ’ਤੇ ਮੁੱਖ ਮੰਤਰੀ ਕੀਤੀ ਨਿਖੇਧੀ

  • ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਤੇ ਦੇਸ਼ ਭਰ ਵਿਚ ਦਿੱਤੇ ਫਰੰਟ ਪੇਜ ਇਸ਼ਤਿਹਾਰਾਂ ’ਚ ਦੱਸੀ ਹਰ ’ਪ੍ਰਾਪਤੀ’ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ

ਚੰਡੀਗੜ੍ਹ, 28 ਅਕਤੂਬਰ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੇ ਡੇਢ ਸਾਲ ਪੂਰੇ ਹੋਣ ’ਤੇ ਆਪਣੀਆਂ ਅਖੌਤੀ ਪ੍ਰਾਪਤੀਆਂ ਨੂੰ ਉਜਾਗਰ ਕਰਨ ਵਾਸਤੇ ਇਕ ਦਿਨ ਵਿਚ 25 ਕਰੋੜ ਰੁਪਏ ਬਰਬਾਦ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਸਰਕਾਰ ਕੋਲ ਵਿਕਾਸ, ਬੁਨਿਆਦੀ ਢਾਂਚੇ ਤੇ ਸਮਾਜ ਭਲਾਈ ਮੁਹਾਜ਼ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ।

ਕਠਪੁਤਲੀ ਮੁੱਖ ਮੰਤਰੀ ਵੱਲੋਂ ਸੂਬੇ ਤੇ ਦੇਸ਼ ਭਰ ਦੇ ਸੂਬਾ ਹੈਡਕੁਆਰਟਰਾਂ ’ਤੇ ਸਾਰੇ ਪ੍ਰਮੁੱਖ ਅਖ਼ਬਾਰਾਂ ਵਿਚ ਅੱਜ ਸਰਕਾਰ ਦੀਆਂ ਅਖੌਤੀ ਪ੍ਰਾਪਤੀਆਂ ਦਰਸਾਉਂਦੇ ਦਿੱਤੇ ਇਸ਼ਤਿਹਾਰਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਨੇ ਝੂਠ ਦਾ ਪੁਲੰਦਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਢੋਂਗੀ ਆਮ ਆਦਮੀ ਪਾਰਟੀ ਜੋ ਕਿ ਲੁਟੇਰਿਆਂ ਦੀ ਪਾਰਟੀ ਹੈ, ਤੋਂ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਾਰੀ ਜਵਾਬਦੇਹੀ ਲਈ ਜਾਵੇਗੀ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਇਸ਼ਤਿਹਾਰਬਾਜ਼ੀ ’ਤੇ 750 ਕਰੋੜ ਰੁਪਏ ਖਰਚ ਕੀਤੇ ਹਨ ਜਿਸ ਵਿਚੋਂ 25 ਫੀਸਦੀ ਪੈਸਾ ਆਪ ਦੇ ਅਹੁਦੇਦਾਰਾਂ ਨੇ ਕਮਿਸ਼ਨ ਦੇ ਰੂਪ ਵਿਚ ਵਾਪਸ ਲੈ ਲਿਆ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਵੱਖਰੀ ਕੀਤੀ। ਉਹਨਾਂ ਨੇ ਸਰਕਾਰ ’ਤੇ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦਾ ਦੋਸ਼ ਲਾਇਆ ਤੇ ਕਿਹਾ ਕਿ ਥਰਮਲ ਪਲਾਂਟ, ਸੜਕ ਜਾਂ ਸਿੰਜਾਈ ਪ੍ਰਾਜੈਕਟਾਂ ਵਾਸਤੇ ਕੱਖ ਨਾ ਕਰਨ ਤੇ ਬੁਢਾਪਾ ਪੈਨਸ਼ਨ ਤੇ ਸ਼ਗਨ ਤੇ ਹੋਰ ਸਮਾਜ ਭਲਾਈ ਸਕੀਮਾਂ ਵਿਚ ਕਟੌਤੀ ਕਰਨ ਦਾ ਵੀ ਦੋਸ਼ ਲਾਇਆ ਤੇ ਕਿਹਾ ਕਿ ਪੰਜਾਬੀਆਂ ਨੂੰ ਕੇਂਦਰ ਸਰਕਾਰ ਤੋਂ ਸਿਰਫ ਕਣਕ ਮਿਲ ਰਹੀ ਹੈ ਤੇ ਆਪ ਸਰਕਾਰ ਕੁਝ ਨਹੀਂ ਦੇ ਰਹੀ।

ਸਰਦਾਰ ਬਾਦਲ ਨੇ ਮੁੱਖ ਮੰਤਰੀ ਵੱਲੋਂ ਇਸ਼ਤਿਹਾਰ ਵਿਚ ਦਿੱਤੇ ਹਰ ਨੁਕਤੇ ਦੇ ਦਾਅਵੇ ਨੂੰ ਬੇਨਕਾਬ ਕੀਤਾ ਤੇ ਦੱਸਿਆ ਕਿ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ 37 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਜਦੋਂ ਕਿ ਉਹ ਇਹ ਨਹੀਂ ਦੱਸ ਸਕੇ ਕਿ ਕਿਹੜੀਆਂ ਨੌਕਰੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਕੁਝ ਨੌਕਰੀਆਂ ਜਿਹੜੀਆਂ ਦਿੱਤੀਆਂ ਹਨ, ਉਹਨਾਂ ਵਿਚ ਸਭ ਤੋਂ ਵੱਡਾ ਲਾਭ ਬਾਹਰਲੇ ਰਾਜਾਂ ਦੇ ਉਮੀਦਵਾਰ ਲੈ ਗਏ ਹਨ।

ਉਹਨਾਂ ਦੱਸਿਆ ਕਿ ਪੀ ਐਸ ਪੀ ਸੀ ਐਲ ਦੀਆਂ 1370 ਨੌਕਰੀਆਂ ਵਿਚੋਂ 534 ਉਮੀਦਵਾਰ ਹਰਿਆਣਾ ਤੇ 94 ਰਾਜਸਥਾਨ ਦੇ ਹਨ ਜਿਹਨਾਂ ਨੂੰ ਨੌਕਰੀ ਮਿਲੀ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਭਰਤੀ ਕੀਤੇ 7 ਸਬ ਇੰਸਪੈਕਟਰਾਂ ਵਿਚੋਂ ਛੇ ਹਰਿਆਣਾ ਤੋਂ ਹਨ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿਚ ਹੋਈ ਭਰਤੀ ਵਿਚ 300 ਪੰਜਾਬ ਤੋਂ ਬਾਹਰਲੇ ਹਨ ਜਦੋਂ ਕਿ ਪਸ਼ੂ ਪਾਲਣ ਵਿਭਾਗ ਨੇ 134 ਬਾਹਰਲੇ ਵਿਅਕਤੀਆਂ ਨੂੰ ਰੋਜ਼ਗਾਰ ਦਿੱਤਾ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਆਪ ਸਰਕਾਰ ਵੱਲੋਂ ਸੂਬੇ ਵਿਚ ਵਿਸ਼ਵ ਪੱਧਰੀ ਸਿਹਤ ਬੁਨਿਆਦੀ ਢਾਂਚਾ ਬਣਾਉਣ ਦੇ ਦਾਅਵੇ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਸਰਕਾਰ ਨੇ ਪਿਛਲੀ ਅਕਾਲੀ ਸਰਕਾਰ ਵੱਲੋਂ ਬਣਾਏ ਸੇਵਾ ਕੇਂਦਰਾਂ ’ਤੇ ਮੁਹੱਲਾ ਕਲੀਨਿਕਾਂ ਦੇ ਬੋਰਡ ਲਗਾ ਕੇ ਤਸਵੀਰਾਂ ਛਪਵਾ ਲਈਆਂ ਹਨ।
ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਨ ਕਿ ਮੁਹੱਲਾ ਕਲੀਨਿਕ ਜਿਸ ਵਿਚ ਇਕ ਡਾਕਟਰ ਤੇ ਇਕ ਨਰਸ ਕੰਮ ਕਰਦੀਹੈ, ਉਹ ਵਿਸ਼ਵ ਪੱਧਰੀ ਸਹੂਲਤ ਕਿਵੇਂ ਹੋ ਗਈ? ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਸਰਕਾਰ ਨੇ ਸਕੂਲ ਆਫ ਐਮੀਨੈਂਸ ਬਣਾ ਕੇ ਸਿੱਖਿਆ ਖੇਤਰ ਵਿਚ ਕ੍ਰਾਂਤੀ ਲਿਆਉਣ ਦਾ ਦਾਅਵਾ ਕੀਤਾ ਜਦੋਂ ਕਿ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਾਏ ਮੈਰੀਟੋਰੀਅਸ ਸਕੂਲਾਂ ਨੂੰ ਪੇਂਟ ਕਰਵਾ ਕੇ ਇਹਨਾਂ ਦਾ ਨਾਂ ਬਦਲ ਦਿੱਤਾ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦਾਅਵਾ ਕਰ ਰਹੇ ਹਨ ਕਿ ਸੂਬੇ ਵਿਚ 50 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਪਰ ਸਰਕਾਰ ਉਸ ਇਕ ਵੀ ਕੰਪਨੀ ਦਾ ਨਾਂ ਦੱਸਣ ਵਿਚ ਨਾਕਾਮ ਰਹੀ ਹੈ ਜਿਸਨੇ ਸੂਬੇ ਵਿਚ ਨਿਵੇਸ਼ ਕੀਤਾ ਹੋਵੇ। ਉਹਨਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮੁੱਖ ਮੰਤਰੀ ਦਾ ਇਸ ਮਾਮਲੇ ਵਿਚ ਕੀ ਟਰੈਕ ਰਿਕਾਰਡ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਇਹ ਵੀ ਦਾਅਵਾ ਕੀਤਾ ਸੀ ਕਿ ਬੀ ਐਮ ਡਬਲਿਊ ਕੰਪਨੀ ਪੰਜਾਬ ਵਿਚ ਪਲਾਂਟ ਲਗਾਵੇਗੀ ਪਰ ਕੰਪਨੀ ਨੇ ਤੁਰੰਤ ਦਾਅਵੇ ਦਾ ਖੰਡਨ ਕਰ ਦਿੱਤਾ।

ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਵਿਚ ਮੁੱਖ ਮੰਤਰੀ ਦੇ ਦਾਅਵੇ ਤੋਂ ਉਲਟ ਭ੍ਰਿਸ਼ਟਾਚਾਰ ਕਈ ਗੁਣਾ ਵੱਧ ਗਿਆ ਹੈ। ਉਹਨਾਂ ਕਿਹਾ ਕਿ ਹਰ ਕੰਮ ਲਈ ਪੈਸਾ ਮੰਗਿਆ ਜਾ ਰਿਹਾ ਹੈ ਭਾਵੇਂ ਉਹ ਐਨ ਓ ਸੀ ਹੋਵੇ ਜਾਂ ਜ਼ਮੀਨ ਦੀ ਰਜਿਸਟਰੀ ਹੋਵੇ। ਉਹਨਾਂ ਕਿਹਾ ਕਿ ਆਪ ਵਿਧਾਇਕ ਸ਼ਰ੍ਹੇਆਮ ਰੇਤ ਦੀ ਨਜਾਇਜ਼ ਮਾਇਨਿੰਗ ਕਰ ਰਹੇ ਹਨ ਤੇ ਨਸ਼ਾ ਸਮੱਗਲਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ। ਉਹਨਾਂ ਕਿਹਾ ਕਿ ਡਾ. ਵਿਜੇ ਸਿੰਗਲਾ, ਅਮਿਤ ਰਤਨ ਤੇ ਫੌਜਾ ਸਿੰਘ ਸਰਾਰੀ ਵਰਗੇ ਜਿਹੜੇ ਵਿਧਾਇਕਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ, ਉਹ ਹਾਲੇ ਵੀ ਆਪ ਦਾ ਹਿੱਸਾ ਹਨ ਤੇ ਪਾਰਟੀ ਵਿਚੋਂ ਨਹੀਂ ਕੱਢਿਆ ਗਿਆ।

ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਸੈਰ ਸਪਾਟਾ ਸੰਮੇਲਨ ਕਰਵਾਉਣ ਨੂੰ ਪ੍ਰਾਪਤੀ ਵਜੋਂ ਕਿਉਂ ਦੱਸ ਰਹੇ ਹਨ ਜਦੋਂ ਕਿ ਆਪ ਦੇ ਸੈਰ ਸਪਾਟੇ ਸੰਮੇਲਨ ਵਿਚ ਮੁੱਖ ਮੰਤਰੀ ਦੀ ਕਾਮੇਡੀਅਨ ਕਪਿਲ ਸ਼ਰਮਾ ਨਾਲ ਹੀ ਮੁਲਾਕਾਤ ਹੋਈ ਜਦੋਂ ਕਿ ਸੈਰ ਸਪਾਟਾ ਖੇਤਰ ਦੀਆਂ ਪ੍ਰਮੁੱਖ ਕੰਪਨੀਆਂ ਸੰਮੇਲਨ ਤੋਂ ਦੂਰ ਰਹੀਆਂ।

ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਦੇ ਸੀ ਐਮ ਦੀ ਯੋਗਸ਼ਾਲਾ ਦਾ ਦਾਅਵਾ ਹੋਰ ਵੀ ਮਖੌਲ ਯੋਗ ਹੈ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਇਸ਼ਤਿਹਾਰਬਾਜ਼ੀ ’ਤੇ 30 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਨਵੀਂ ਖੇਡ ਨੀਤੀ ਬਾਰੇ ਦਾਅਵੇ ਵੀ ਖੋਖਲੇ ਹਨ ਤੇ ਹਰਿਆਣਾ ਸਰਕਾਰ ਕੌਮਾਂਤਰੀ ਮੈਡਲ ਜੇਤੂਆਂ ਨੂੰ ਪੰਜਾਬ ਸਰਕਾਰ ਨਾਲੋਂ ਤਿੰਨ ਗੁਣਾ ਵੱਧ ਪੈਸੇ ਦੇ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਕੋਲ ਨਵਾਂ ਖੇਡ ਢਾਂਚਾ ਸਿਰਜਣ ਜਾਂ ਬਣਾਉਣ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ ਤੇ ਅਕਾਲੀ ਦਲ ਦੀ ਪਿਛਲੀ ਸਰਕਾਰ ਨੇ ਸੂਬੇ ਵਿਚ 15 ਐਸਟਰੋ ਟਰਫ ਖੇਡ ਮੈਦਾਨ ਬਣਾਏ ਜੋ ਇਸ ਵੇਲੇ ਬਹੁਤ ਲਾਹੇਵੰਦ ਸਾਬਤ ਹੋ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਬੇਦਕਰ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਿਜ਼ ਵਿਖੇ ਕੋਚਿੰਗ ਲਈ ਹੋਈ ਪ੍ਰਵੇਸ਼ ਪ੍ਰੀਖਿਆ

ਵਿਸ਼ਵ ਕੱਪ ‘ਚ ਅੱਜ ਭਾਰਤ ‘ਤੇ ਇੰਗਲੈਂਡ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ