ਬਠਿੰਡਾ, 29 ਅਕਤੂਬਰ 2023 – ਬਠਿੰਡਾ ਵਿੱਚ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਦੇ ਕਤਲ ਦੇ ਵਿਰੋਧ ਵਿੱਚ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਹੜਤਾਲ ’ਤੇ ਬੈਠੇ ਹੋਏ ਹਨ। ਮਾਲ ਰੋਡ ’ਤੇ ਇਕੱਠੇ ਹੋਏ ਦੁਕਾਨਦਾਰਾਂ ਨੇ ਹੁਣ ਫੌਜੀ ਚੌਕ ’ਚ ਧਰਨਾ ਦਿੱਤਾ ਹੈ। ਦੁਕਾਨਦਾਰਾਂ ਨੇ ਸਰਕਾਰ ਅਤੇ ਪੁਲੀਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਦੁਕਾਨਦਾਰਾਂ ਦੇ ਰੋਹ ਨੂੰ ਦੇਖਦਿਆਂ ਪੁਲੀਸ ਵੀ ਤਾਇਨਾਤ ਕਰ ਦਿੱਤੀ ਗਈ ਹੈ।
ਜਿਸ ਤੋਂ ਬਾਅਦ ਹੁਣ ਬਠਿੰਡਾ ਪੁਲਿਸ ਨੇ ਦੋਵਾਂ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਨੇ ਇਨ੍ਹਾਂ ਦੋਵਾਂ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਇਸ ਤੋਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਵਪਾਰੀਆਂ ਦੇ ਧਰਨੇ ਵਿੱਚ ਪੁੱਜੇ। ਵਪਾਰ ਮੰਡਲ ਵੱਲੋਂ ਅੱਜ ਬਠਿੰਡਾ ਬੰਦ ਦਾ ਸੱਦਾ ਦਿੱਤਾ ਗਿਆ ਸੀ। ਦੁਕਾਨਦਾਰਾਂ ਨੇ ਧਰਨੇ ਵਾਲੀ ਥਾਂ ’ਤੇ ਸਵੇਰੇ 8 ਵਜੇ ਵੱਡੀ ਗਿਣਤੀ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਸੀ, ਵਪਾਰੀ ਮਾਲ ਰੋਡ ’ਤੇ ਪਹੁੰਚੇ। ਉਨ੍ਹਾਂ ਦੀਆਂ ਦੁਕਾਨਾਂ ਨੂੰ ਅਜੇ ਵੀ ਤਾਲੇ ਲੱਗੇ ਹੋਏ ਹਨ। ਵਪਾਰ ਮੰਡਲ ਵੱਲੋਂ ਐਲਾਨ ਕੀਤਾ ਜਾ ਰਿਹਾ ਹੈ ਕਿ ਅੱਜ ਕੋਈ ਵੀ ਵਪਾਰੀ ਜਾਂ ਦੁਕਾਨਦਾਰ ਆਪਣੀ ਦੁਕਾਨ ਨਾ ਖੋਲ੍ਹੇ ਅਤੇ ਇਨਸਾਫ਼ ਲਈ ਹੜਤਾਲ ਕਰੇ।
ਪ੍ਰਧਾਨ ਹਰਜਿੰਦਰ ਸਿੰਘ ਜੌਹਲ ਦੇ ਕਤਲ ਤੋਂ ਨਾਰਾਜ਼ ਵਪਾਰੀ ਮੰਗ ਕਰ ਰਹੇ ਹਨ ਕਿ ਮ੍ਰਿਤਕ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਦੱਸ ਦੇਈਏ ਕਿ ਸ਼ਨੀਵਾਰ ਸ਼ਾਮ 5.30 ਵਜੇ ਬਾਈਕ ਸਵਾਰ ਬਦਮਾਸ਼ਾਂ ਨੇ ਮੇਲਾ ਨੂੰ ਗੋਲੀ ਮਾਰ ਦਿੱਤੀ ਸੀ।