- 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਕੀਮਤ ਵਿੱਚ 103 ਰੁਪਏ ਦਾ ਵਾਧਾ
ਨਵੀਂ ਦਿੱਲੀ, 1 ਨਵੰਬਰ 2023 – ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਐਲਪੀਜੀ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ। ਤਿਉਹਾਰਾਂ ਦੇ ਸੀਜ਼ਨ ਦੌਰਾਨ 30 ਅਗਸਤ ਨੂੰ ਸਰਕਾਰ ਨੇ 14 ਕਿਲੋ ਦੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਸੀ ਪਰ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ।
ਇਸ ਮਹੀਨੇ ਦੀ ਪਹਿਲੀ ਤਰੀਕ ਯਾਨੀ 1 ਨਵੰਬਰ 2023 ਤੋਂ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ ਅਤੇ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ ਵਿੱਚ 103 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੀਵਾਲੀ ਤੋਂ ਪਹਿਲਾਂ ਗੈਸ ਦੀਆਂ ਕੀਮਤਾਂ ‘ਚ ਇਹ ਵਾਧਾ ਵਪਾਰਕ ਉਪਭੋਗਤਾਵਾਂ ਦੀਆਂ ਜੇਬਾਂ ‘ਤੇ ਭਾਰੀ ਪਵੇਗਾ।
IOCL ਦੀ ਵੈੱਬਸਾਈਟ ਦੇ ਮੁਤਾਬਕ, ਅੱਜ ਤੋਂ ਰਾਜਧਾਨੀ ਦਿੱਲੀ ‘ਚ 19 ਕਿਲੋ ਦਾ ਵਪਾਰਕ LPG ਸਿਲੰਡਰ 1,833 ਰੁਪਏ ‘ਚ ਮਿਲੇਗਾ, ਜੋ ਪਹਿਲਾਂ 1731 ਰੁਪਏ ‘ਚ ਮਿਲਦਾ ਸੀ। ਦੂਜੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਮੁੰਬਈ ‘ਚ ਇਸ ਦੀ ਕੀਮਤ ਵਧ ਕੇ 1785.50 ਰੁਪਏ ਹੋ ਗਈ ਹੈ, ਜੋ ਪਹਿਲਾਂ 1684 ਰੁਪਏ ਸੀ। ਉਥੇ ਹੀ ਕੋਲਕਾਤਾ ‘ਚ ਇਹ 1839.50 ਰੁਪਏ ਦੀ ਬਜਾਏ 1943.00 ਰੁਪਏ ‘ਚ ਮਿਲੇਗਾ, ਜਦਕਿ ਚੇਨਈ ‘ਚ ਇਸ ਦੀ ਕੀਮਤ 1999.50 ਰੁਪਏ ਹੋ ਗਈ ਹੈ, ਜੋ ਹੁਣ ਤੱਕ 1898 ਰੁਪਏ ਸੀ।