ਗੁਰਦਾਸਪੁਰ, 1 ਨਵੰਬਰ 2023 – ਬਟਾਲਾ ਚ ਕਾਹਨੂੰਵਾਨ ਰੋਡ ਤੇ ਰਾਜਾ ਪੈਲਸ ਵਿੱਚ ਦੇਰ ਰਾਤ ਵਿਆਹ ਦਾ ਪ੍ਰੋਗਰਾਮ ਕਲੇਸ਼ ਵਿੱਚ ਬਦਲ ਗਿਆ। ਪੈਲੇਸ ਵਿੱਚ ਪਹੁੰਚੀ ਬਰਾਤ ਦਾ ਲੜਕੀ ਵਾਲਿਆਂ ਵਲੋਂ ਸਵਾਗਤ ਕਰਨ ਤੋਂ ਬਾਅਦ ਮੁੰਦਰੀ ਅਤੇ ਦਾਜ ਨੂੰ ਲੈਕੇ ਦੋਵਾਂ ਧਿਰਾਂ ਦਰਮਿਆਨ ਅਜਿਹਾ ਪੰਗਾ ਪੈ ਗਿਆ ਕਿ ਲਾੜੇ ਅਤੇ ਲਾੜੀ ਸਮੇਤ ਦੋਵੇ ਧਿਰਾਂ ਵਿਆਹ ਦੀਆਂ ਰਸਮਾਂ ਵਿਚੇ ਛੱਡ ਕੇ ਸਬੰਧਤ ਸਿਵਲ ਲਾਈਨ ਥਾਣੇ ਪਹੁੰਚ ਗਈਆਂ। ਦੇਰ ਰਾਤ ਤੱਕ ਲੜਕੀ ਵਾਲੇ ਇਸ ਗੱਲ ਤੇ ਅੜ ਗਏ ਕਿ ਹੁਣ ਉਹ ਇੱਥੇ ਲੜਕੀ ਨਹੀਂ ਵਿਆਉਣਗੇ।
ਇਸ ਮੌਕੇ ਦੁਲਹਨ ਦੀ ਮਾਤਾ ਅਤੇ ਦੁਲਹਨ ਨੇ ਮੁੰਡੇ ਵਾਲਿਆ ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਇਹ ਮੁੰਡੇ ਅਤੇ ਕੁੜੀ ਦੀ ਲਵ ਮੈਰਿਜ ਸੀ। ਮੁੰਡੇ ਵਾਲੇ ਬਰਾਤ ਲੈਕੇ ਪੈਲੇਸ ਪਹੁੰਚੇ ਸੀ ਤਾਂ ਕ੍ਰਿਸਚਨ ਭਾਈਚਾਰੇ ਵਲੋਂ ਦੁਲਹਨ ਨੂੰ ਮੁੰਦਰੀ ਪਾਉਣੀ ਹੁੰਦੀ ਹੈ ਪਰ ਦੁਲਹੇ ਵਾਲ਼ੇ ਲੜਕੀ ਨੂੰ ਪਾਉਣ ਲਈ ਮੁੰਦਰੀ ਨਹੀਂ ਲੈਕੇ ਆਏ। ਉਤੋਂ ਦੁਲਹਨ ਵਾਲਿਆਂ ਕੋਲੋ ਮੋਟਰਸਾਈਕਲ ਸਮੇਤ ਹੋਰ ਦਹੇਜ ਦੀ ਮੰਗ ਕਰਨ ਲੱਗ ਪਏ ਜਿਸ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਕਲੇਸ ਵੱਧ ਗਿਆ।
ਲੜਕੀ ਅਤੇ ਉਸਦੀ ਮਾਤਾ ਨੇ ਕਿਹਾ ਕਿ ਉਹ ਵਿਆਹ ਵੀ ਲੜਕੇ ਵਾਲਿਆਂ ਮੁਤਾਬਿਕ ਹੀ ਕਰ ਰਹੇ ਸੀ ਪੈਲੇਸ ਵੀ ਲੜਕੇ ਦੇ ਕਹਿਣ ਤੇ ਹੀ ਬੁੱਕ ਕਰਵਾਇਆ ਸੀ ਪਰ ਅੱਜ ਲੜਕੇ ਦੇ ਤੇਵਰ ਹੀ ਵੱਖ ਦਿਖਾਈ ਦੇ ਰਹੇ ਸੀ। ਉਨ੍ਹਾਂ ਕਿਹਾ ਹੁਣ ਇਸ ਕਲੇਸ ਤੋਂ ਬਾਅਦ ਉਹ ਆਪਣੀ ਲੜਕੀ ਇਸ ਲੜਕੇ ਨਾਲ ਨਹੀਂ ਵਿਆਹੁਣਗੇ ਓਹਨਾ ਨੂੰ ਇਨਸਾਫ ਚਾਹੀਦਾ ਹੈ ।
ਓਥੇ ਹੀ ਵਿਆਹ ਵਾਲੇ ਮੁੰਡੇ ਦਾ ਕਹਿਣਾ ਸੀ ਕਿ ਦਹੇਜ ਵਾਲੀ ਕੋਈ ਗੱਲ ਨਹੀਂ ਹੋਈ। ਉਸਦਾ ਕਹਿਣਾ ਸੀ ਕਿ ਮੇਰਾ ਵਿਆਹ ਮੇਰੇ ਨਾਨਕੇ ਕਰ ਰਹੇ ਹਨ ਅਤੇ ਸਾਡੇ ਵਿਚ ਲੜਕੀ ਨੂੰ ਮੁੰਦਰੀ ਨਹੀਂ ਪਾਈ ਜਾਂਦੀ ਪਰ ਲੜਕੀ ਵਾਲੇ ਕਹਿਣ ਲੱਗੇ ਕਿ ਮੁੰਦਰੀ ਲੈਕੇ ਆਉ। ਬੱਸ ਇਸੇ ਗੱਲ ਤੋਂ ਕਲੇਸ ਵੱਧ ਗਿਆ। ਲਾੜੇ ਨੇ ਅੱਗੇ ਕਿਹਾ ਕਿ ਅਗਰ ਕੋਈ ਗਲਤੀ ਹੋਈ ਹੈ ਤਾਂ ਮੈਂ ਮੁਆਫੀ ਮੰਗ ਲੈਂਦਾ ਹਾਂ।
ਓਥੇ ਹੀ ਸਿਵਲ ਲਾਈਨ ਥਾਣੇ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਮਾਮਲੇ ਬਾਰੇ ਦਸਦੇ ਹੋਏ ਕਿਹਾ ਕਿ ਦੋਵੇਂ ਧਿਰਾਂ ਦੀ ਸੁਣਵਾਈ ਕਰਦੇ ਹੋਏ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।