- ਪਤਨੀ ਨਾਲ ਹੋਇਆ ਸੀ ਝਗੜਾ,
- ਘਟਨਾ ਝੱਜਰ (ਹਰਿਆਣਾ) ਦੇ ਬਹਾਦਰਗੜ੍ਹ ਦੀ
ਝੱਜਰ, 5 ਨਵੰਬਰ 2023 – ਹਰਿਆਣਾ ਦੇ ਝੱਜਰ ਦੇ ਬਹਾਦਰਗੜ੍ਹ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਹੀ ਕਮਰੇ ਵਿੱਚ ਪੁੱਤ, ਧੀ ਅਤੇ ਪਿਤਾ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਪੁਲਿਸ ਸੂਤਰਾਂ ਅਨੁਸਾਰ ਵਿਅਕਤੀ ਨੇ ਪਹਿਲਾਂ ਆਪਣੇ ਦੋ ਮਾਸੂਮ ਬੱਚਿਆਂ ਨੂੰ ਫਾਹਾ ਲਾਇਆ ਅਤੇ ਫਿਰ ਆਪ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਤਿੰਨਾਂ ਦੀਆਂ ਲਾਸ਼ਾਂ ਨੂੰ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਥਾਣਾ ਬਡਾਲੀ ਦੀ ਪੁਲਸ ਪੂਰੇ ਮਾਮਲੇ ਦੀ ਜਾਂਚ ‘ਚ ਜੁਟੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਹਾਦਰਗੜ੍ਹ ਦੇ ਗੰਗਡਵਾ ਪਿੰਡ ਦਾ ਰਹਿਣ ਵਾਲਾ ਕਰਮਬੀਰ (37) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੱਸ ਚਲਾਉਂਦਾ ਸੀ। ਸ਼ਨੀਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਡਿਊਟੀ ਕਰਕੇ ਘਰ ਪਰਤਿਆ ਸੀ। ਰਾਤ ਨੂੰ ਉਸ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਪਰਿਵਾਰ ਵਾਲਿਆਂ ਮੁਤਾਬਕ ਝਗੜਾ ਵੱਧਣ ਤੋਂ ਬਾਅਦ ਪਤਨੀ ਆਪਣੇ ਜੇਠ ਦੇ ਘਰ ਚਲੀ ਗਈ ਸੀ। ਕਰਮਬੀਰ ਤੋਂ ਇਲਾਵਾ ਉਸ ਦੇ ਦੋ ਬੱਚੇ ਬੇਟੀ ਮੁਸਕਾਨ (13) ਅਤੇ ਬੇਟਾ ਤਨੁਜ (11) ਘਰ ‘ਚ ਸਨ। ਜਦੋਂ ਪਤਨੀ ਨੇ ਘਰ ਪਰਤਤੀ ਤਾਂ ਤਿੰਨਾਂ ਦੀਆਂ ਲਾਸ਼ਾਂ ਨੂੰ ਕਮਰੇ ਵਿੱਚ ਲਟਕਦੇ ਦੇਖਿਆ।
ਮੁੱਢਲੀ ਜਾਂਚ ਅਨੁਸਾਰ ਘਰੇਲੂ ਝਗੜੇ ਕਾਰਨ ਕਰਮਬੀਰ ਨੇ ਪਹਿਲਾਂ ਆਪਣੇ ਦੋ ਬੱਚਿਆਂ ਨੂੰ ਫਾਹਾ ਲਗਾ ਦਿੱਤਾ ਅਤੇ ਫਿਰ ਆਪ ਵੀ ਫਾਹਾ ਲੈ ਲਿਆ। ਰਾਤ 1 ਵਜੇ ਥਾਣਾ ਬਡਾਲੀ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਦੀ ਮੌਰਚਰੀ ‘ਚ ਰਖਵਾਇਆ। ਥਾਣਾ ਬਡਾਲੀ ਦੀ ਪੁਲਸ ਪੂਰੇ ਮਾਮਲੇ ਦੀ ਜਾਂਚ ‘ਚ ਜੁਟੀ ਹੈ।