- ਸ਼੍ਰੀਲੰਕਾ ਕੋਲ ਸੈਮੀਫਾਈਨਲ ਕੁਆਲੀਫਾਈ ਕਰਨ ਦਾ ਆਖਰੀ ਮੌਕਾ
ਨਵੀਂ ਦਿੱਲੀ, 6 ਨਵੰਬਰ 2023 – ਵਨਡੇ ਵਿਸ਼ਵ ਕੱਪ 2023 ਦਾ 38ਵਾਂ ਮੈਚ ਅੱਜ ਯਾਨੀ 6 ਨਵੰਬਰ ਨੂੰ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ। ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ।
ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕਾ ਬੰਗਲਾਦੇਸ਼ ਜਿੱਤ ਕੇ 2025 ‘ਚ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨਾ ਚਾਹੇਗਾ। ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਸ਼੍ਰੀਲੰਕਾ ਨੂੰ ਕਿਸੇ ਵੀ ਕੀਮਤ ‘ਤੇ ਜਿੱਤਣਾ ਜ਼ਰੂਰੀ ਹੈ। ਹਾਰ ਦੀ ਸਥਿਤੀ ‘ਚ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ। ਸ੍ਰੀਲੰਕਾ ਸੱਤ ਮੈਚਾਂ ਵਿੱਚ ਦੋ ਜਿੱਤਾਂ ਨਾਲ 4 ਅੰਕਾਂ ਨਾਲ ਅੰਕ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਸੱਤ ਮੈਚਾਂ ‘ਚ ਇਕ ਜਿੱਤ ਨਾਲ 2 ਅੰਕ ਹਨ ਅਤੇ ਉਹ 9ਵੇਂ ਨੰਬਰ ‘ਤੇ ਹੈ।
ਹੈੱਡ-ਟੂ-ਹੈੱਡ ਵਿੱਚ ਸ੍ਰੀਲੰਕਾ ਦਾ ਦਬਦਬਾ ਰਿਹਾ। ਓਡੀਆਈ ਵਿਸ਼ਵ ਕੱਪ ਵਿੱਚ ਦੋਵਾਂ ਵਿਚਾਲੇ ਹੁਣ ਤੱਕ ਕੁੱਲ ਚਾਰ ਮੈਚ ਖੇਡੇ ਗਏ ਹਨ। ਸ਼੍ਰੀਲੰਕਾ ਨੇ ਤਿੰਨ ਜਿੱਤੇ। ਜਦਕਿ ਇਕ ਮੈਚ ਮੀਂਹ ਕਾਰਨ ਬੇ-ਨਤੀਜਾ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਵਨਡੇ ‘ਚ 53 ਮੈਚ ਖੇਡੇ ਗਏ ਹਨ। ਸ਼੍ਰੀਲੰਕਾ ਨੇ 42 ਅਤੇ ਬੰਗਲਾਦੇਸ਼ ਨੇ 9 ਜਿੱਤੇ। ਦੋ ਮੈਚਾਂ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ। ਦੋਵਾਂ ਦੀ ਆਖਰੀ ਵਾਰੀ ਇਸ ਸਾਲ ਸਤੰਬਰ ‘ਚ ਏਸ਼ੀਆ ਕੱਪ ਦੌਰਾਨ ਸ਼੍ਰੀਲੰਕਾ ‘ਚ ਹੋਈ ਸੀ। ਸ਼੍ਰੀਲੰਕਾ ਨੇ ਇਹ ਮੈਚ 21 ਦੌੜਾਂ ਨਾਲ ਜਿੱਤ ਲਿਆ ਸੀ।