- ਕਿਹਾ ਆਉਣ ਵਾਲੇ ਗੀਤ ‘ਚ ਹ+ਥਿਆਰਾਂ ਨੂੰ ਕੀਤਾ ਜਾ ਰਿਹਾ ਹੈ ਪ੍ਰਮੋਟ,
- ਗੀਤ ਦੀ ਸ਼ੂਟਿੰਗ ਦੀਆਂ ਹ+ਥਿਆਰਾਂ ਵਾਲੀਆਂ ਕੁਝ ਝਲਕੀਆਂ ਹੋ ਚੁੱਕੀਆਂ ਨੇ ਵਾਇਰਲ
ਬਠਿੰਡਾ, 9 ਨਵੰਬਰ 2023 – ਪੰਜਾਬੀ ਗਾਇਕ ਕੇਐਸ ਮੱਖਣ (ਕੁਲਦੀਪ ਸਿੰਘ ਤੱਖਰ) ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪੰਡਿਤ ਰਾਓ ਧਰਨੇਵਰ ਨੇ ਬਠਿੰਡਾ ਦੇ ਐਸਐਸਪੀ ਅਤੇ ਡੀਸੀ (ਡਿਪਟੀ ਕਮਿਸ਼ਨਰ) ਨੂੰ ਨਵੇਂ ਗੀਤ ‘ਜ਼ਮੀਨ ਦਾ ਰੋਲਾ’ ‘ਤੇ ਕੇ ਐਸ ਮੱਖਣ ਅਤੇ ਉਸ ਦੇ ਸਾਥੀ ਸੱਤੀ ਲੋਹਾ ਖੇੜਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਉਸਨੇ ਲਿਖਿਆ ਹੈ ਕਿ ਕੇਐਸ ਮੱਖਣ ਦੇ ਨਵੇਂ ਗੀਤ ‘ਜ਼ਮੀਨ ਦਾ ਰੋਲਾ’ ਵਿੱਚ ਹਥਿਆਰਾਂ ਦਾ ਪ੍ਰਚਾਰ ਕੀਤਾ ਗਿਆ ਹੈ ਜੋ ਕਿ ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ।
ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦ੍ਰਿਸ਼ਾਂ ਨੂੰ ਹਟਾਉਣਾ ਚਾਹੀਦਾ ਹੈ, ਜੋ ਹਥਿਆਰਾਂ ਦਾ ਪ੍ਰਚਾਰ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੇਐਸ ਮੱਖਣ ਦੇ ਇਸ ਗੀਤ ਦੀ ਸ਼ੂਟਿੰਗ ਦੀਆਂ ਕੁਝ ਝਲਕੀਆਂ ਪਹਿਲਾਂ ਹੀ ਵਾਇਰਲ ਹੋ ਚੁੱਕੀਆਂ ਹਨ। ਜਿਸ ‘ਚ ਕੁਝ ਨੌਜਵਾਨ ਹਥਿਆਰਾਂ ਨਾਲ ਖੜ੍ਹੇ ਦਿਖਾਈ ਦਿੱਤੇ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਗੀਤ ‘ਚੋਂ ਹਥਿਆਰਾਂ ਵਾਲੇ ਸੀਨ ਨੂੰ ਕਦੋਂ ਤੱਕ ਹਟਾਇਆ ਜਾਵੇਗਾ।
ਗਾਇਕ ਕੇਐਸ ਮੱਖਣ ਨੇ ਚਾਰ ਸਾਲ ਪਹਿਲਾਂ ‘ਵਨ ਨੇਸ਼ਨ ਵਨ ਲੈਂਗੂਏਜ਼’ ਵਿਵਾਦ ਤੋਂ ਬਾਅਦ ਆਪਣੇ ਆਪ ਨੂੰ ਧਾਰਮਿਕ ਵਿਸ਼ਵਾਸਾਂ ਤੋਂ ਮੁਕਤ ਕਰ ਲਿਆ ਸੀ। 2014 ਵਿੱਚ ਲੋਕ ਸਭਾ ਚੋਣ ਲੜ ਚੁੱਕੇ ਗਾਇਕ ਮੱਖਣ ਨੇ ਹਾਲ ਹੀ ਵਿੱਚ ਦੇਸ਼ ਦੇ ਤਤਕਾਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇੱਕ ਦੇਸ਼, ਇੱਕ ਭਾਸ਼ਾ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਗਾਇਕ ਗੁਰਦਾਸ ਮਾਨ ਦਾ ਸਮਰਥਨ ਕੀਤਾ ਸੀ।
ਫੇਸਬੁੱਕ ‘ਤੇ ਲਾਈਵ ਹੁੰਦੇ ਹੋਏ ਮੱਖਣ ਨੇ ਕਿਹਾ ਸੀ ਕਿ ਕੁਝ ਲੋਕ ਉਨ੍ਹਾਂ ਦੇ ਨਾਂ ਨਾਲ ਧਾਰਮਿਕ ਵਿਵਾਦ ਜੋੜ ਰਹੇ ਹਨ, ਪਰ ਉਹ ਕੋਈ ਵਿਵਾਦ ਨਹੀਂ ਚਾਹੁੰਦੇ।
ਚਾਰ ਸਾਲ ਪਹਿਲਾਂ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਹੋ ਕੇ ਮੱਖਣ ਨੇ ਗੁਰਦੁਆਰੇ ਜਾ ਕੇ ਸਿੱਖੀ ਦੀਆਂ ਨਿਸ਼ਾਨੀਆਂ ਗੁਰੂ ਚਰਨਾਂ ‘ਚ ਅਰਪਿਤ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਜੇਕਰ ਮੈਂ ਸਿੱਖੀ ਰਾਹੀਂ ਕਿਸੇ ਨੂੰ ਲਾਭ ਨਹੀਂ ਪਹੁੰਚਾ ਸਕਦਾ ਤਾਂ ਮੈਂ ਕਿਸੇ ਨੁਕਸਾਨ ਦੇ ਹੱਕ ਵਿੱਚ ਵੀ ਨਹੀਂ ਹਾਂ। ਕੁਝ ਲੋਕ ਮੇਰੇ ਨਾਂ ਨਾਲ ਧਾਰਮਿਕ ਵਿਵਾਦ ਜੋੜ ਰਹੇ ਹਨ। ਮੇਰਾ ਨਾਂ ਲੈ ਕੇ ਧਰਮ ਦੇ ਨਾਂ ‘ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਮੈਂ ਨਹੀਂ ਚਾਹੁੰਦਾ ਕਿ ਉਸ ਕਾਰਨ ਕੋਈ ਧਾਰਮਿਕ ਵਿਵਾਦ ਸ਼ੁਰੂ ਹੋਵੇ, ਇਸੇ ਲਈ ਉਹ ਆਪਣਾ ਸਿੱਖੀ ਸਰੂਪ ਛੱਡ ਰਿਹਾ ਹੈ।
ਇਹ ਗਾਇਕ ਮੱਖਣ ਨਸ਼ਾ ਤਸਕਰੀ ਦੇ ਕੇਸ ਵਿੱਚ ਜੇਲ੍ਹ ਵੀ ਜਾ ਚੁੱਕਾ ਹੈ। ਮੱਖਣ ਖ਼ਿਲਾਫ਼ 1 ਅਗਸਤ 2006 ਨੂੰ ਜਲੰਧਰ ਦੇ ਨਕੋਦਰ ਥਾਣੇ ਵਿੱਚ ਤਸਕਰੀ ਦਾ ਕੇਸ ਦਰਜ ਹੋਇਆ ਸੀ। ਉਸ ‘ਤੇ ਕੈਨੇਡਾ ‘ਚ ਡਰੱਗ ਰੈਕੇਟ ਚਲਾਉਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਮੱਖਣ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਮੱਖਣ ਨੇ ਪੰਜਾਬ ਵਿੱਚ ਨਸ਼ਿਆਂ ਦੇ ਜਾਲ ਕਾਲੇ ਧਨ ਦੀ ਕਹਾਣੀ ‘ਤੇ ਆਧਾਰਿਤ ਫਿਲਮ “ਜੁਗਨੀ ਹੱਥ ਕਿਸ ਨਾ ਆਣੀ” ਵਿੱਚ ਵੀ ਨਾਇਕ ਦੀ ਭੂਮਿਕਾ ਨਿਭਾਈ ਸੀ।
ਕੇਐਸ ਮੱਖਣ ਵੀ ਸਾਬਕਾ ਕਬੱਡੀ ਖਿਡਾਰੀ ਹੈ। ਉਹ ਕਬੱਡੀ ਅਤੇ ਕੁਸ਼ਤੀ ਦੀਆਂ ਖੇਡਾਂ ਵਿੱਚ ਪਾਏ ਯੋਗਦਾਨ ਲਈ ਜਾਣਿਆ ਜਾਂਦਾ ਹੈ। ਉਹ ਖੇਡਾਂ ਅਤੇ ਸਿਹਤ ਬਾਰੇ ਆਪਣੇ ਪ੍ਰੇਰਕ ਗੀਤਾਂ ਲਈ ਜਾਣਿਆ ਜਾਂਦਾ ਹੈ, ਜਿਵੇਂ ਕਿ ਸਰ ਕਦਾਵੇ ਰਿਕਾਰਡ, ਡੌਲਿਆਂ ਚ ਜਾਨ, ਪਾਰਾ ਆਦਿ। ਕੇਐਸ ਮੱਖਣ ਦੀ ਪਹਿਲੀ ਐਲਬਮ ਨੰਬਰਾ ਤੇ ਦਿਲ ਮਿਲਦੇ ਨੇ। ਉਸਨੇ ਸੰਗੀਤ ਨਿਰਮਾਤਾ ਅਮਨ ਹੇਅਰ ਅਤੇ ਸੰਗੀਤਕਾਰ ਸੁਖਪਾਲ ਸੁੱਖ ਅਤੇ ਅਤੁਲ ਸ਼ਰਮਾ ਨਾਲ ਵੀ ਕੰਮ ਕੀਤਾ ਹੈ।