ਬਠਿੰਡਾ, 10 ਨਵੰਬਰ 2023 – ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ਕਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਸ਼ੁੱਕਰਵਾਰ ਸਵੇਰੇ ਇੱਕ ਵਿਅਕਤੀ ਬੰਦੂਕ ਲੈ ਕੇ ਘਰ ਦੀ ਛੱਤ ‘ਤੇ ਚੜ੍ਹ ਗਿਆ ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਜਦਕਿ ਇੱਕ ਜ਼ਖ਼ਮੀ ਹੋ ਗਿਆ ਹੈ। ਇਸ ਤੋਂ ਬਾਅਦ ਗੋਲੀਆਂ ਚਲਾਉਣ ਵਾਲੇ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਦੱਸਿਆ ਜਾ ਰਿਹਾ ਹੈ ਕਿ ਚਾਚੇ-ਤਾਏ ਦੇ ਪਰਿਵਾਰਾਂ ਦੀ ਆਪਸ ‘ਚ ਤਕਰਾਰ ਚੱਲ ਰਹੀ ਸੀ, ਜਿਸ ਕਾਰਨ ਦੋਸ਼ੀ ਨੇ ਆਪਣੇ ਚਾਚੇ ਦੇ ਮੁੰਡਿਆਂ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਉਸ ਨੇ 35-36 ਰਾਉਂਡ ਫਾਇਰ ਕੀਤੇ। ਇਹ ਘਟਨਾ ਸਵੇਰੇ 9 ਵਜੇ ਦੀ ਦੱਸੀ ਜਾਂਦੀ ਹੈ। ਕਾਫੀ ਦੇਰ ਤੱਕ ਦੋਸ਼ੀ ਛੱਤ ‘ਤੇ ਖੜ੍ਹ ਕੇ ਲਗਾਤਾਰ ਫਾਇਰਿੰਗ ਕਰਦਾ ਰਿਹਾ।
ਘਟਨਾ ਦੀ ਸੂਚਨਾ ਮਿਲਣ ’ਤੇ ਦਿਆਲਪੁਰਾ ਪੁਲਿਸ ਨੂੰ ਵੀ ਮੁਲਜ਼ਮ ਨੇ ਨੇੜੇ ਨਹੀਂ ਆਉਣ ਦਿੱਤਾ।ਮੁਲਜ਼ਮ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਦੀ ਆਪਣੇ ਚਚੇਰੇ ਭਰਾਵਾਂ ਨਾਲ ਰੰਜਿਸ਼ ਸੀ।
ਹਾਸਲ ਜਾਣਕਾਰੀ ਮੁਤਾਬਕ ਮੁਲਜ਼ਮ ਗੁਰਸ਼ਰਨ ਸਿੰਘ ਪੁੱਤਰ ਲਾਲਾ ਸਿੰਘ ਸ਼ੁੱਕਰਵਾਰ ਸਵੇਰੇ 12 ਬੋਰ ਦੀ ਬੰਦੂਕ ਲੈ ਕੇ ਘਰ ਦੀ ਛੱਤ ‘ਤੇ ਚੜ੍ਹ ਗਿਆ ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ। ਗੋਲੀ ਲੱਗਣ ਕਾਰਨ ਗੁਰਸ਼ੰਟ ਸਿੰਘ ਪੁੱਤਰ ਕਾਕਾ ਸਿੰਘ ਤੇ ਭੋਲਾ ਸਿੰਘ ਪੁੱਤਰ ਨਰਾਇਣ ਸਿੰਘ ਦੀ ਮੌਤ ਹੋ ਗਈ। ਜਦੋਂਕਿ ਕੁਲਦੀਪ ਸਿੰਘ ਪੁੱਤਰ ਜ਼ੈਲ ਸਿੰਘ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਲੋਕਾਂ ਮੁਤਾਬਕ ਪਿੰਡ ਵਿੱਚ 35 ਰਾਊਂਡ ਫਾਇਰਿੰਗ ਹੋਈ।