- ਬੰਗਲਾਦੇਸ਼ ਕੋਲ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨ ਦਾ ਮੌਕਾ
- ਪਾਕਿਸਤਾਨ ਨੂੰ ਸੈਮੀਫਾਈਨਲ ਕੁਆਲੀਫਾਈ ਕਰਨ ਲਈ 287 ਦੌੜਾਂ ਨਾਲ ਜਿੱਤ ਦੀ ਲੋੜ
ਨਵੀਂ ਦਿੱਲੀ, 11 ਨਵੰਬਰ 2023 – ਵਨਡੇ ਵਿਸ਼ਵ ਕੱਪ ‘ਚ ਦੋ ਮੁਕਾਬਲੇ ਹੋਣਗੇ ਪਹਿਲਾ ਮੈਚ ਅੱਜ ਆਸਟ੍ਰੇਲੀਆ ਅਤੇ ਬੰਗਲਾਦੇਸ਼ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੈਚ ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਸਵੇਰੇ 10:30 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਸਵੇਰੇ 10:00 ਵਜੇ ਹੋਵੇਗਾ। ਅੱਜ ਦੋਵੇਂ ਟੀਮਾਂ 4 ਸਾਲ ਬਾਅਦ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਦੀ ਆਖਰੀ ਵਾਰ 2019 ਵਿਸ਼ਵ ਕੱਪ ਵਿੱਚ ਟੱਕਰ ਹੋਈ ਸੀ।
ਅੱਜ ਦੀ ਜਿੱਤ ਨਾਲ ਬੰਗਲਾਦੇਸ਼ 2025 ‘ਚ ਹੋਣ ਵਾਲੀ ਚੈਂਪੀਅਨਸ ਟਰਾਫੀ ਦੀ ਟਿਕਟ ‘ਤੇ ਮੋਹਰ ਲਗਾ ਸਕਦਾ ਹੈ। ਟੀਮ 4 ਅੰਕਾਂ ਨਾਲ 8ਵੇਂ ਨੰਬਰ ‘ਤੇ ਹੈ। ਜੇਕਰ ਬੰਗਲਾਦੇਸ਼ ਮੈਚ ਹਾਰ ਜਾਂਦਾ ਹੈ ਅਤੇ ਨੀਦਰਲੈਂਡ ਭਾਰਤ ਖਿਲਾਫ ਜਿੱਤ ਜਾਂਦਾ ਹੈ ਤਾਂ ਟੀਮ ਚੈਂਪੀਅਨਸ ਟਰਾਫੀ ਲਈ ਕੁਆਲੀਫਾਈ ਨਹੀਂ ਕਰ ਸਕੇਗੀ।
ਆਸਟਰੇਲੀਆ ਨੇ 12 ਅੰਕਾਂ ਨਾਲ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਪਰ, ਟੀਮ ਨੇ ਅਜੇ ਤੱਕ ਬੈਂਚ ਤਾਕਤ ਦੀ ਜਾਂਚ ਨਹੀਂ ਕੀਤੀ ਹੈ। ਸ਼ਾਨ ਐਬੋਟ ਨੇ ਅਜੇ ਤੱਕ ਇੱਕ ਵੀ ਮੈਚ ਨਹੀਂ ਖੇਡਿਆ ਹੈ। ਆਸਟਰੇਲੀਆ ਕੋਲ ਸੈਮੀਫਾਈਨਲ ਤੋਂ ਪਹਿਲਾਂ ਇਨ੍ਹਾਂ ਖਿਡਾਰੀਆਂ ਨੂੰ ਪਰਖਣ ਦਾ ਮੌਕਾ ਹੈ।
ਵਿਸ਼ਵ ਕੱਪ ‘ਚ ਦੋਵੇਂ ਟੀਮਾਂ 4 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਆਸਟਰੇਲੀਆ ਨੇ 3 ਮੈਚ ਜਿੱਤੇ ਸਨ, ਜਦੋਂ ਕਿ 2015 ਵਿਸ਼ਵ ਕੱਪ ਵਿੱਚ ਇੱਕ ਮੈਚ ਰੱਦ ਹੋ ਗਿਆ ਸੀ। ਬੰਗਲਾਦੇਸ਼ ਨੂੰ ਅਜੇ ਵੀ ਵਿਸ਼ਵ ਕੱਪ ‘ਚ ਆਸਟ੍ਰੇਲੀਆ ਖਿਲਾਫ ਜਿੱਤ ਦਾ ਇੰਤਜ਼ਾਰ ਹੈ। ਦੋਵੇਂ ਟੀਮਾਂ 1999, 2007 ਅਤੇ 2019 ਦੇ ਵਿਸ਼ਵ ਕੱਪਾਂ ਵਿੱਚ ਭਿੜੀਆਂ ਸਨ।
ਬੰਗਲਾਦੇਸ਼ ਲਈ ਇਹ ਟੂਰਨਾਮੈਂਟ ਚੰਗਾ ਨਹੀਂ ਰਿਹਾ। ਟੀਮ ਅੱਠ ਵਿੱਚੋਂ 6 ਮੈਚ ਹਾਰ ਗਈ। ਉਨ੍ਹਾਂ ਨੇ ਆਪਣੇ ਆਖਰੀ ਮੈਚ ‘ਚ ਸ਼੍ਰੀਲੰਕਾ ਖਿਲਾਫ ਜਿੱਤ ਦਰਜ ਕਰਕੇ ਚੈਂਪੀਅਨਸ ਟਰਾਫੀ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ। ਵਿਸ਼ਵ ਕੱਪ ਅੰਕ ਸੂਚੀ ਵਿੱਚ ਚੋਟੀ ਦੇ 8 ਸਥਾਨਾਂ ‘ਤੇ ਰਹਿਣ ਵਾਲੀਆਂ ਟੀਮਾਂ 2025 ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨਗੀਆਂ।
ਵਨਡੇ ਵਿਸ਼ਵ ਕੱਪ ‘ਚ ਦੂਜਾ ਅਤੇ ਦਿਨ ਦਾ ਆਖਰੀ ਡਬਲ ਹੈਡਰ ਮੈਚ ਅੱਜ ਖੇਡਿਆ ਜਾਵੇਗਾ। ਦਿਨ ਦੇ ਦੂਜੇ ਮੈਚ ਵਿੱਚ ਪਾਕਿਸਤਾਨ ਦਾ ਸਾਹਮਣਾ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਹੋਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਦੁਪਹਿਰ 1:30 ਵਜੇ ਹੋਵੇਗਾ।
ਪਾਕਿਸਤਾਨ 8 ਮੈਚਾਂ ‘ਚ 4 ਜਿੱਤਾਂ ਤੇ 4 ਹਾਰਾਂ ਨਾਲ 8 ਅੰਕਾਂ ਨਾਲ ਅੰਕ ਸੂਚੀ ‘ਚ ਪੰਜਵੇਂ ਸਥਾਨ ‘ਤੇ ਹੈ। ਇੰਗਲੈਂਡ 8 ਮੈਚਾਂ ‘ਚ 2 ਜਿੱਤਾਂ ਨਾਲ 4 ਅੰਕਾਂ ਨਾਲ 7ਵੇਂ ਨੰਬਰ ‘ਤੇ ਹੈ। ਅੱਜ ਦਾ ਮੈਚ ਜਿੱਤ ਕੇ ਇੰਗਲੈਂਡ ਦੀ ਟੀਮ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰ ਲਵੇਗੀ।
ਜੇਕਰ ਪਾਕਿਸਤਾਨ ਨੂੰ ਸੈਮੀਫਾਈਨਲ ‘ਚ ਜਾਣਾ ਹੈ ਤਾਂ ਉਸ ਨੂੰ ਇੰਗਲੈਂਡ ਨੂੰ ਅਸੰਭਵ ਫਰਕ ਨਾਲ ਹਰਾਉਣਾ ਹੋਵੇਗਾ, ਇੰਗਲੈਂਡ ਵਿਸ਼ਵ ਕੱਪ ‘ਚੋਂ ਲਗਭਗ ਬਾਹਰ ਹੋ ਗਿਆ ਹੈ। ਜੇਕਰ ਪਾਕਿਸਤਾਨ ਟੀਮ ਇੰਗਲੈਂਡ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦੀ ਹੈ ਤਾਂ ਉਸ ਨੂੰ 287 ਦੌੜਾਂ ਨਾਲ ਜਿੱਤ ਦਰਜ ਕਰਨੀ ਪਵੇਗੀ। ਜੇਕਰ ਪਾਕਿਸਤਾਨ ਪਿੱਛਾ ਕਰਦਾ ਹੈ ਤਾਂ ਉਸ ਨੂੰ 278 ਤੋਂ 284 ਗੇਂਦਾਂ ਬਾਕੀ ਰਹਿ ਕੇ ਟੀਚੇ ਦਾ ਪਿੱਛਾ ਕਰਨਾ ਹੋਵੇਗਾ। ਮਤਲਬ ਕਿ ਟੀਚੇ ਦੇ ਹਿਸਾਬ ਨਾਲ ਉਸ ਨੂੰ 16 ਤੋਂ 22 ਗੇਂਦਾਂ ਦੇ ਅੰਦਰ ਮੈਚ ਜਿੱਤਣਾ ਹੋਵੇਗਾ, ਜੋ ਕਿ ਅਸੰਭਵ ਜਾਪਦਾ ਹੈ।
ਵਨਡੇ ਵਿਸ਼ਵ ਕੱਪ ‘ਚ ਦੋਵਾਂ ਟੀਮਾਂ ਵਿਚਾਲੇ ਕੁੱਲ 10 ਮੈਚ ਹੋਏ, ਜਿਨ੍ਹਾਂ ‘ਚੋਂ ਪਾਕਿਸਤਾਨ ਨੇ 5 ਅਤੇ ਇੰਗਲੈਂਡ ਨੇ 4 ‘ਚ ਜਿੱਤ ਦਰਜ ਕੀਤੀ। ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਵਨਡੇ ‘ਚ ਦੋਵਾਂ ਵਿਚਾਲੇ 91 ਮੈਚ ਹੋਏ, ਜਿਨ੍ਹਾਂ ‘ਚ ਪਾਕਿਸਤਾਨ ਨੇ 31 ਅਤੇ ਇੰਗਲੈਂਡ ਨੇ 56 ‘ਚ ਜਿੱਤ ਦਰਜ ਕੀਤੀ। 3 ਮੈਚ ਵੀ ਬੇ-ਨਤੀਜਾ ਰਹੇ ਹਨ। ਹਾਲੀਆ ਫਾਰਮ ਦੇ ਆਧਾਰ ‘ਤੇ ਪਾਕਿਸਤਾਨ ਦਾ ਹੱਥ ਉੱਪਰ ਹੈ ਪਰ ਇੰਗਲੈਂਡ ਵੀ ਪਿਛਲੇ ਮੈਚ ਜਿੱਤਣ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰਿਆ ਹੋਵੇਗਾ।