- ਪਰਿਵਾਰ ਨੇ ਕਤਲ ਦਾ ਜਤਾਇਆ ਸ਼ੱਕ
ਗੁਰਦਾਸਪੁਰ, 11 ਨਵੰਬਰ 2023 – ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਮੁਹੱਲਾ ਪ੍ਰਤਾਪ ਨਗਰ ਦਾ 22 ਸਾਲਾਂ ਨੌਜਵਾਨ ਸੋਨੂ ਜੋ ਕਿ ਬੀਤੀ ਸਵੇਰ ਘਰੋਂ ਕੰਮ ਤੇ ਗਿਆ ਸੀ ਅਤੇ ਸ਼ਾਮ ਉਸ ਦੀ ਲਾਸ਼ ਸੜਕ ਉੱਤੇ ਪਈ ਮਿਲੀ।ਮ੍ਰਿਤਕ ਸੋਨੂ ਦੀ ਮਾਤਾ ਰਾਜ ਅਤੇ ਦੋਸਤ ਰੋਬਨ ਮਸੀਹ ਨੇ ਦੱਸਿਆ ਕਿ ਸੋਨੂ ਜੋ ਕਿ ਪੀਵੀਸੀ ਦਾ ਕੰਮ ਕਰਦਾ ਸੀ ਨੂੰ ਕੱਲ ਦੁਪਹਿਰ ਢਾਈ ਵਜੇ ਉਸਦੇ ਮਾਲਕ ਦਾ ਫੋਨ ਆਇਆ ਕਿ ਕਣਕ ਦੀ ਬਿਜਾਈ ਕਰਨੀ ਹੈ ਅਤੇ ਇਸ ਦੇ ਲਈ ਉਸਨੂੰ ਸੋਨੂ ਦੀ ਮਦਦ ਦੀ ਲੋੜ ਹੈ। ਜਿਸ ਤੋਂ ਬਾਅਦ ਉਹ ਘਰੋਂ ਮੋਟਰਸਾਈਕਲ ਤੇ ਚਲਿਆ ਗਿਆ।
ਸ਼ਾਮ ਸਾਡੀ ਸਾਢੇ ਛੇ ਵਜੇ ਉਸ ਨਾਲ ਗੱਲ ਹੋਈ ਸੀ ਉਦੋਂ ਉਹ ਬਿਲਕੁਲ ਠੀਕ ਸੀ ਪਰ7:30 ਵਜੇ ਸਾਨੂੰ ਕਿਸੇ ਅਣਪਛਾਤੇ ਦਾ ਫੋਨ ਆਇਆ ਕਿ ਤੁਹਾਡਾ ਬੇਟਾ ਮ੍ਰਿਤਕ ਹਾਲਤ ਵਿੱਚ ਸੜਕ ਉੱਤੇ ਪਿਆ ਹੈ। ਜਦੋਂ ਅਸੀਂ ਜਾ ਕੇ ਦੇਖਿਆ ਤਾਂ ਸਾਡੇ ਬੇਟੇ ਦੇ ਸਿਰ ਵਿੱਚ ਸੱਟ ਲੱਗੀ ਹੋਈ ਸੀ।ਸਾਨੂੰ ਸ਼ੱਕ ਹੈ ਕਿ ਕਿਸੇ ਵੱਲੋਂ ਸਾਡੇ ਬੇਟੇ ਦਾ ਕਤਲ ਕਰਕੇ ਲਾਸ਼ ਨੂੰ ਇੱਥੇ ਸੁੱਟਿਆ ਗਿਆ ਹੈ। ਸੋਨੂ ਦੋ ਭੈਣਾਂ ਦਾ ਇਕੱਲਾ ਭਰਾ ਸੀ। ਉਸਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਉਸਦੇ ਪਰਿਵਾਰ ਦੀ ਮਾਲੀ ਹਾਲਤ ਵੀ ਜਿਆਦਾ ਠੀਕ ਨਹੀਂ ਹੈ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ।ਮ੍ਰਿਤਕ ਦੀ ਮਾਤਾ ਤੇ ਦੋਸਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਸ ਨੇ ਵੀ ਅਜਿਹਾ ਕੀਤਾ ਹੈ ਉਸ ਖਿਲਾਫ ਸਖਤ ਕਾਰਵਾਈ ਕਰ ਸਾਨੂੰ ਇਨਸਾਫ ਦਿੱਤਾ ਜਾਵੇ।
ਜਦੋਂ ਇਸ ਬਾਰੇ ਥਾਣਾ ਕਾਹਨੂੰਵਾਨ ਦੇ ਐਸਐਚ ਓ ਬਲਬੀਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮ੍ਰਿਤਕ ਦੇ ਮਾਮੇ ਦੇ ਬਿਆਨ ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਬਾਕੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ।