- ਦੇਰ ਰਾਤ ਹਸਪਤਾਲ ਦੇ ਬਾਹਰ ਹੋਇਆ ਹੰਗਾਮਾ,
- ਇਲਜ਼ਾਮ ਨੇ ਉਸ ਦਾ ਕਤਲ ਉਨ੍ਹਾਂ ਹੀ ਲੋਕਾਂ ਨੇ ਕੀਤਾ ਸੀ, ਜਿਨ੍ਹਾਂ ਖ਼ਿਲਾਫ਼ 16 ਦਿਨ ਪਹਿਲਾਂ ਕੇਸ ਹੋਇਆ ਸੀ ਦਰਜ,
- ਮੁਲਜ਼ਮ ਨੇ ਘਰ ‘ਚ ਵੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਜਲੰਧਰ, 14 ਨਵੰਬਰ 2023 – ਜਲੰਧਰ ਦੀ ਰਾਮਾਮੰਡੀ ਦੇ ਏਕਤਾ ਨਗਰ ਨੇੜੇ ਸੋਮਵਾਰ ਦੇਰ ਰਾਤ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਮਹੰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਅਲੀਸ਼ਾ ਮਹੰਤ ਉਰਫ ਆਲੂ ਉਰਫ ਰੋਹਿਤ ਵਜੋਂ ਹੋਈ ਹੈ। ਪੁਲੀਸ ਨੇ ਦੇਰ ਰਾਤ ਆਲੂ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਇਸ ਦੇ ਨਾਲ ਹੀ ਪੁਲਿਸ ਨੇ ਬਿੱਲਾ ਨਾਮ ਦੇ ਵਿਅਕਤੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 302 (ਕਤਲ), 452 (ਘਰ ਵਿੱਚ ਵੜ ਕੇ ਹਮਲਾ), ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੇਰ ਰਾਤ ਤੱਕ ਮੁਲਜ਼ਮਾਂ ਦੀ ਭਾਲ ਜਾਰੀ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਸੈਂਟਰਲ ਨਿਰਮਲ ਸਿੰਘ, ਰਾਮਾਮੰਡੀ ਥਾਣੇ ਦੇ ਐਸਐਚਓ ਰਾਜੇਸ਼ ਠਾਕੁਰ, ਸਿਟੀ ਸੀਆਈਏ ਸਟਾਫ਼ ਇੰਚਾਰਜ ਅਸ਼ੋਕ ਕੁਮਾਰ, ਚੌਕੀ ਨੰਗਲਸ਼ਾਮਾ ਦੇ ਇੰਚਾਰਜ ਮਦਨ ਸਿੰਘ ਅਤੇ ਹੋਰ ਪੁਲੀਸ ਪਾਰਟੀਆਂ ਆਪਣੀਆਂ-ਆਪਣੀਆਂ ਟੀਮਾਂ ਨਾਲ ਮੌਕੇ ’ਤੇ ਪੁੱਜ ਗਈਆਂ।
ਸਾਥੀ ਮਹੰਤਾਂ ਨੇ ਦੱਸਿਆ ਕਿ ਐਤਵਾਰ ਨੂੰ ਦੀਵਾਲੀ ਅਤੇ ਸੋਮਵਾਰ ਨੂੰ ਭਗਵਾਨ ਵਿਸ਼ਵਕਰਮਾ ਦੀ ਪੂਜਾ ਤੋਂ ਬਾਅਦ ਅਲੀਸ਼ਾ ਬਹੁਤ ਥੱਕ ਗਿਆ ਸੀ। ਜਿਸ ਕਾਰਨ ਉਹ ਸੋਮਵਾਰ ਰਾਤ ਜਲਦੀ ਸੌਂ ਗਿਆ। ਆਲੂ ਘਰ ਵਿਚ ਇਕੱਲਾ ਸੀ। ਇਸ ਦੌਰਾਨ ਬਿੱਲਾ ਨਾਂ ਦਾ ਨੌਜਵਾਨ ਉਨ੍ਹਾਂ ਦੇ ਘਰ ਅੰਦਰ ਵੜ ਗਿਆ, ਜਿਵੇਂ ਹੀ ਮੁਲਜ਼ਮ ਆਇਆ ਤਾਂ ਉਸ ਨੇ ਆਲੂ ਨੂੰ ਪਿੱਠ ‘ਚ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ।
ਪੁਲਿਸ ਨੂੰ ਵਾਰਦਾਤ ਵਾਲੀ ਥਾਂ ਤੋਂ ਗੋਲੀਆਂ ਦੇ ਦੋ ਖੋਲ ਮਿਲੇ ਹਨ। ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਡਰ ਦਾ ਮਾਹੌਲ ਹੈ।
ਅਲੀਸ਼ਾ ਮਹੰਤ ਉਰਫ਼ ਆਲੂ ਦੀ ਮੌਤ ਤੋਂ ਬਾਅਦ ਸ਼ਹਿਰ ਦੇ ਸਮੂਹ ਕਿੰਨਰਾਂ ਨੇ ਜਲੰਧਰ ਹੁਸ਼ਿਆਰਪੁਰ ਹਾਈਵੇ ‘ਤੇ ਸਥਿਤ ਜੌਹਲ ਹਸਪਤਾਲ ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਦੇਰ ਰਾਤ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਭਾਰੀ ਫੋਰਸ ਤਾਇਨਾਤ ਕੀਤੀ ਗਈ ਸੀ। ਇਹ ਹੰਗਾਮਾ ਦੇਰ ਰਾਤ ਤੱਕ ਜਾਰੀ ਰਿਹਾ ਪਰ ਪੁਲਿਸ ਨੇ ਕਿਸੇ ਤਰ੍ਹਾਂ ਸਾਰੇ ਮਹੰਤਾਂ ਨੂੰ ਸਮਝਾ ਕੇ ਹੰਗਾਮਾ ਖ਼ਤਮ ਕਰਵਾਇਆ। ਏਸੀਪੀ ਨਿਰਮਲ ਸਿੰਘ ਨੇ ਕਿਹਾ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਿੱਲਾ ਦੇ ਭਰਾ ਨੇ ਆਪਣੇ ਸਾਥੀਆਂ ਲਖਨ, ਗੱਟੂ, ਰਿੱਕੀ, ਸ਼ਿਵਮ, ਵਿਪਨ, ਕਾਲੂ ਭਈਆ ਨਾਲ ਮਿਲ ਕੇ 28 ਅਕਤੂਬਰ ਨੂੰ ਆਲੂ ਦੇ ਘਰ ‘ਤੇ ਹਮਲਾ ਕੀਤਾ ਸੀ। ਜਿਸ ਵਿੱਚ ਆਲੂ ਨੇ ਦੱਸਿਆ ਸੀ ਕਿ ਉਕਤ ਦੋਸ਼ੀ ਉਸਦੀ ਭੈਣ ਨਾਲ ਛੇੜਛਾੜ ਕਰਦਾ ਸੀ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਸ ਦੇ ਇਲਾਕੇ ਅਤੇ ਘਰ ਦੀ ਭੰਨਤੋੜ ਵੀ ਕੀਤੀ। ਦੋਸ਼ੀ ਨੇ ਉਸ ਦਿਨ ਵੀ ਕਰੀਬ 2 ਵਾਰ ਫਾਇਰਿੰਗ ਕੀਤੀ ਸੀ।
ਵਾਰਦਾਤ ਵਾਲੇ ਦਿਨ ਆਲੂ ਨੇ ਪੁਲਿਸ ‘ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਸੀ। ਜਿਸ ਤੋਂ ਬਾਅਦ ਆਲੂ ਨੇ ਨੰਗਲਸ਼ਾਮਾ ਚੌਕੀ ਦੇ ਬਾਹਰ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ ਸੀ। ਪੁਲੀਸ ਨੇ ਏਕਤਾ ਨਗਰ ਦੇ ਰਹਿਣ ਵਾਲੇ ਪਵਨ ਰਾਜਪੂਤ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 307, 452, 323, 427, 148, 149, 506 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ।
ਮਾਮਲੇ ‘ਚ ਅਜੇ ਤੱਕ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਹੀ ਮੁਲਜ਼ਮ ਨੇ ਮੁੜ ਵਾਰਦਾਤ ਨੂੰ ਅੰਜਾਮ ਦਿੱਤਾ।
ਜੌਹਲ ਹਸਪਤਾਲ ਦੇ ਬਾਹਰ ਹੰਗਾਮਾ ਕਰ ਰਹੇ ਮਹੰਤਾਂ ਨੇ ਦੱਸਿਆ ਕਿ ਘਰ ‘ਤੇ ਹਮਲੇ ਤੋਂ ਬਾਅਦ ਪੁਲਿਸ ਨੂੰ ਆਲੂ ਦੀ ਜਾਨ ਨੂੰ ਖਤਰੇ ਬਾਰੇ ਚੇਤਾਵਨੀ ਦਿੱਤੀ ਗਈ ਸੀ। ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਸੋਮਵਾਰ ਨੂੰ ਉਕਤ ਹਮਲਾਵਰਾਂ ਨੇ ਘਰ ‘ਚ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ।
ਇਸ ਦੇ ਨਾਲ ਹੀ ਇਸ ਮਾਮਲੇ ‘ਚ ਏ.ਸੀ.ਪੀ ਨਿਰਮਲ ਸਿੰਘ ਨੇ ਕਿਹਾ ਕਿ ਪੁਰਾਣੇ ਮਾਮਲੇ ‘ਚ ਉਨ੍ਹਾਂ ਨੂੰ ਮਹੰਤਾਂ ਵਲੋਂ ਸਮਝੌਤਾ ਕਰਨ ਬਾਰੇ ਪੁੱਛਿਆ ਗਿਆ ਸੀ। ਪਰ ਫਿਰ ਵੀ ਪੁਲਿਸ ਨੇ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ।