ਗੁਰਦਾਸਪੁਰ, 14 ਨਵੰਬਰ 2023 – ਬੀਤੀ ਦੁਪਹਿਰ ਜੀ.ਟੀ.ਰੋਡ ‘ਦੀਨਾ ਨਗਰ ਦੇ ਬਾਹਰੀ ਹਸਪਤਾਲ ਨੇੜੇ ਵਾਪਰੇ ਹਾਦਸੇ ‘ਚ ਕਾਰ ਤੇ ਸਵਾਰ ਹੋ ਕੇ ਆਪਣੇ ਬੇਟੇ ਨਾਲ ਪੇਕੇ ਘਰ ਤੋਂ ਘਰ ਵਾਪਸ ਜਾ ਰਹੀ ਇੱਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਹਾਦਸੇ ਵਿੱਚ ਉਸ ਦਾ ਪੁੱਤ ਵੀ ਗੰਭੀਰ ਜ਼ਖ਼ਮੀ ਹੋ ਗਿਆ ।
ਜਾਣਕਾਰੀ ਅਨੁਸਾਰ ਅਮਨ ਕੁਮਾਰ ਪੁੱਤਰ ਦੇਸ ਰਾਜ ਵਾਸੀ ਪਠਾਨਕੋਟ ਆਪਣੀ ਮਾਤਾ ਰਾਜ ਕੁਮਾਰੀ (55) ਦੇ ਨਾਲ ਦੀਨਾਨਗਰ ਨੇੜੇ ਪਿੰਡ ਕੋਹਲੀਆਂ ਜਿੱਥੇ ਕਿ ਰਾਜ ਕੁਮਾਰੀ ਦੇ ਪੇਕੇ ਅਤੇ ਅਮਨ ਕੁਮਾਰ ਦਾ ਨਾਨਕਾ ਘਰ ਹੈ। ਜਦੋਂ ਉਹ ਕਾਰ ਰਾਹੀਂ ਪਿੰਡ ਕੋਹਲੀਆਂ ਤੋਂ ਵਾਇਆ ਦੀਨਾਨਗਰ ਪਠਾਨਕੋਟ ਵੱਲ ਨੂੰ ਵਾਪਸ ਜਾ ਰਹੇ ਸੀ ਤਾਂ ਦੀਨਾ ਨਗਰ ਦੇ ਬਾਹਰੀ ਹਸਪਤਾਲ ਨੇੜੇ ਪਠਾਨਕੋਟ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਪੰਜਾਬ ਰੋਡਵੇਜ਼ ਦੀ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਘਸੀਟਦੀ ਹੋਈ 500 ਗਜ ਦੂਰ ਤੱਕ ਲੈ ਗਈ। ਮਿਲੀ ਜਾਣਕਾਰੀ ਅਨੁਸਾਰ ਬੱਸ ਵਿੱਚ ਬੈਠੀਆ ਸਵਾਰੀਆਂ ਦੇ ਰੌਲਾ ਪਾਉਣ ਅਤੇ ਚੀਕਾਂ ਮਾਰਨ ਤੋਂ ਬਾਅਦ ਡਰਾਈਵਰ ਨੇ ਬੱਸ ਰੋਕੀ।
ਦੱਸਿਆ ਗਿਆ ਹੈ ਕਿ ਹਾਦਸੇ ਵਿੱਚ ਕਾਰ ‘ਚ ਸਵਾਰ ਰਾਜ ਕੁਮਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਲੜਕਾ ਅਮਨ ਕੁਮਾਰ ਗੰਭੀਰ ਰੂਪ ‘ਚ ਜ਼ਖਮੀ ਹਾਲਤ ‘ਚ ਕਾਰ ‘ਚ ਫੱਸਿਆ ਰਿਹਾ, ਜਿਸ ਨੂੰ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਕਾਰ ‘ਚੋਂ ਬਾਹਰ ਕੱਢਿਆ। ਬਾਅਦ ਵਿੱਚ ਐਂਬੂਲੈਂਸ ਮੰਗਵਾ ਕੇ ਉਸ ਨੂੰ ਗੁਰਦਾਸਪੁਰ ਹਸਪਤਾਲ ਭੇਜਿਆ ਗਿਆ। ਅਮਨ ਕੁਮਾਰ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ।
ਮੌਕੇ ‘ਤੇ ਪਹੁੰਚੇ ਥਾਣਾ ਦੀਨਾਨਗਰ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਉਹ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।