ਚੰਡੀਗੜ੍ਹ, 17 ਨਵੰਬਰ 2023 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਕਾਨੂੰਨੀ ਨੋਟਿਸ ਪੀਏਯੂ ਲੁਧਿਆਣਾ ਵਿੱਚ ਬਹਿਸ ਦੌਰਾਨ ਮੁੱਖ ਮੰਤਰੀ ਵੱਲੋਂ ਕੀਤੀ ਗਈ ਟਿੱਪਣੀ ਬਾਰੇ ਭੇਜਿਆ ਗਿਆ ਹੈ। ਇਸ ਬਹਿਸ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਸਨ।
ਸੁਖਬੀਰ ਬਾਦਲ ਨੇ ਦੋਸ਼ ਲਾਇਆ ਹੈ ਕਿ ਬਹਿਸ ਦੌਰਾਨ ਭਗਵੰਤ ਸਿੰਘ ਮਾਨ ਨੇ ਮੀਡੀਆ ਸਾਹਮਣੇ ਕਿਹਾ ਸੀ ਕਿ ਬਾਲਾਸਰ ਵਿੱਚ ਬਾਦਲ ਪਰਿਵਾਰ ਦਾ ਖੇਤ ਹੈ। ਜਿੱਥੇ ਬਾਦਲ ਪਰਿਵਾਰ ਦੇ ਖੇਤ ਲਈ ਨਹਿਰ ਪੁੱਟੀ ਗਈ ਸੀ। ਬਾਦਲ ਨੇ ਕਿਹਾ ਕਿ ਜੋ ਨਹਿਰ ਬਣੀ ਸੀ, ਉਸ ਦਾ ਕੰਮ 1955 ਵਿੱਚ ਸ਼ੁਰੂ ਹੋਇਆ ਸੀ।
ਦੱਸ ਦੇਈਏ ਕਿ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲੀ ਦਲ ਬਾਰੇ ਕਹੇ ਗਏ ਸ਼ਬਦਾਂ ਲਈ ਮੁਆਫੀ ਮੰਗਣ ਲਈ ਕਿਹਾ ਸੀ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਸੀਐਮ ਮਾਨ ਦੀਆਂ ਦੋ ਗੱਲਾਂ ਨਿੱਜੀ ਹਮਲੇ ਹਨ, ਜੋ ਕਿ ਪੂਰੀ ਤਰ੍ਹਾਂ ਝੂਠ ਹਨ। ਜੇਕਰ CM ਮਾਨ ਨੇ ਅਗਲੇ 5 ਦਿਨਾਂ ‘ਚ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਜਾਵੇਗਾ। ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਨੋਟਿਸ ਜਾਰੀ ਕੀਤਾ ਹੈ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਸੀਐਮ ਮਾਨ ਨੇ ਹਾਲ ਹੀ ਵਿੱਚ ਇੱਕ ਡਰਾਮਾ ਕੀਤਾ ਸੀ, ਜਿਸ ਨੂੰ ਬਹਿਸ ਦਾ ਨਾਮ ਦਿੱਤਾ ਗਿਆ ਸੀ। ਉਥੇ ਕਰਫਿਊ ਲਗਾ ਦਿੱਤਾ ਗਿਆ। ਸਭ ਨੂੰ ਪਤਾ ਸੀ ਕਿ ਇਹ ਡਰਾਮਾ ਸੀ, ਇਸ ਲਈ ਸਾਰੀਆਂ ਪਾਰਟੀਆਂ ਨੇ ਇਸ ਦਾ ਬਾਈਕਾਟ ਕੀਤਾ।
ਸੀ.ਐਮ ਮਾਨ ਦਾ ਮਕਸਦ ਝੂਠ ਬੋਲਣਾ ਸੀ। ਉਸਨੇ ਇਸਦੇ ਲਈ 30 ਕਰੋੜ ਰੁਪਏ ਖਰਚ ਕੀਤੇ ਸਨ ਅਤੇ ਇਸਨੂੰ ਲਾਈਵ ਦਿਖਾਉਣਾ ਚਾਹੁੰਦੇ ਸਨ। ਇਸ ਦੌਰਾਨ ਸੀਐਮ ਮਾਨ ਨੇ ਸਿਰਫ਼ ਆਪਣਾ ਭਾਸ਼ਣ ਹੀ ਦਿਖਾਉਣਾ ਸੀ ਅਤੇ ਬਾਕੀਆਂ ਨੂੰ ਕੱਟ ਦੇਣਾ ਸੀ। ਸੀਐਮ ਮਾਨ ਨੇ ਇਸ ਡਰਾਮੇ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ।