- ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਨੇ ਵੰਡੇ ਪੰਜ ਹਜ਼ਾਰ ਬੂਟੇ,
- ਪਿੰਡਾਂ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਕੀਤਾ ਗਿਆ ਸਵਾਗਤ,
- ਸੰਤ ਸੀਚੇਵਾਲ ਵੱਲੋਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫਲਸਫੇ ਨਾਲ ਜੋੜਿਆ
ਸੁਲਤਾਨਪੁਰ ਲੋਧੀ, 19 ਨਵੰਬਰ 2023 – ਪੰਜਾਬ ਦੇ ਪਹਿਲੇ ‘ਹਰੇ ਨਗਰ ਕੀਰਤਨ’ ਦੌਰਾਨ ਪੰਜ ਹਜ਼ਾਰ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪਹਿਲਾ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਪਿੰਡ ਜਾਨੀਆ ਤੋਂ ਸ਼ੁਰੂ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਹੜ੍ਹ ਨਾਲ ਪ੍ਰਭਾਵਿਤ ਹੋਏ 16 ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਪਵਿੱਤਰ ਵੇਈਂ ਦੇ ਕੰਢੇ ਕੰਢੇ ਨਿਰਮਲ ਕੁਟੀਆ ਸੁਲਨਤਾਪੁਰ ਲੋਧੀ ਵਿਖੇ ਪਹੁੰਚਿਆ।
ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਕੀਰਤਨ ਦੌਰਾਨ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੇ ਫਲਸਫੇ ਨਾਲ ਸੰਗਤਾਂ ਨੂੰ ਜੋੜਿਆ ਉੱਥੇ ਹੀ ਉਹਨਾਂ ਨੇ ਸੰਗਤਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਇੱਕਠੇ ਹੋਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ। ਉਹਨਾਂ ਕਿਹਾ ਕਿ ਸਵਾ ਚਾਰ ਮਹੀਨੇ ਇਹ ਇਲਾਕਾ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਸੀ ਇਹਨਾਂ ਪਿੰਡਾਂ ਦੀ ਝੋਨੇ ਦੀ ਫਸਲ ਵੀ ਤਬਾਹ ਹੋ ਚੁੱਕੀ ਸੀ। ਪੰਜਾਬ ਦੇ ਲੋਕਾਂ ਨੇ ਇੱਕਜੁੱਟ ਹੋ ਕੇ ਧੁੱਸੀ ਬੰਨ੍ਹਾਂ ਦੇ ਦੋਵਾਂ ਬੰਨ੍ਹਾਂ ਵਿੱਚ ਪਏ ਪਾੜ ਨੂੰ ਰਿਕਾਰਡ ਸਮੇਂ ਵਿੱਚ ਬੰਨ੍ਹ ਕੇ ਬਹੁਤੇ ਕਿਸਾਨਾਂ ਦੀਆਂ ਹੋਰ ਫਸਲਾਂ ਤਬਾਹ ਹੋਣ ਤੋਂ ਬਚਾ ਲਈਆਂ ਸੀ।
ਪੰਜਾਬੀਆਂ ਦੇ ਇਸ ਏਕੇ ਨੇ ਇਸ ਇਲਾਕੇ ਦੇ ਕਿਸਾਨਾਂ ਤੇ ਲੋਕਾਂ ਨੂੰ ਦੇ ਜੀਵਨ ਨੂੰ ਕੁੁੱਝ ਮਹੀਨਿਆਂ ਵਿੱਚ ਹੀ ਮੁੜ ਤੋਂ ਲੀਹਾਂ ਤੇ ਲਿਆ ਦਿੱਤਾ ਸੀ। ਜਿਸ ਕਾਰਨ ਇਸ ਇਲਾਕੇ ਦੇ ਲੋਕ ਮੁੜ ਤੋਂ ਆਪਣੀ ਫਸਲ ਲਗਾ ਸਕੇ ਸੀ। ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਪਿੰਡ ਜਾਨੀਆਂ ਤੋਂ ਜਾਨੀਆਂ ਚਾਹਲ, ਮੁਰਾਜਵਾਲਾ, ਮੁੰਡੀ ਕਾਸੂ, ਭਾਨੇਵਾਲ, ਗੱਟਾ ਮੁੰਡੀ ਕਾਸੂ, ਲੱਖੂ ਦੀਆਂ ਛੰਨਾਂ, ਨੱਲ੍ਹ, ਨਸੀਰਪੁਰ, ਗਿਦੜਪਿੰਡੀ, ਵਾਟਾਂਵਾਲੀ ਖੁਰਦ, ਵਾਟਾਂਵਾਲੀ ਕਲਾਂ, ਸ਼ੇਰਪੁਰ ਸੱਧਾ, ਸ਼ਾਹਵਾਲਾ ਅੰਦਰੀਸਾ, ਭਾਗੋ ਆਰਈਆਂ, ਗੁਰਦੁਆਰਾ ਹੱਟ ਸਾਹਿਬ ਅਤੇ ਗੁਰਦੁਆਰਾ ਬੇਰ ਸਾਹਿਬ ਤੋਂ ਤਲਵੰਡੀ ਚੌਧਰੀਆਂ ਪੁਲ ਤੋਂ ਵੇਈਂ ਕਿਨਾਰੇ ਹੁੰਦਾ ਹੋਇਆ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਵਿਖੇ ਆ ਕੇ ਦੇਰ ਰਾਤ ਨੂੰ ਸੰਪੂਰਨ ਹੋਇਆ। ਇਸ ਨਗਰ ਦਾ ਸਾਰੇ ਹੀ ਪਿੰਡਾਂ ਦੀਆਂ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਹੀ ਲੰਗਰ ਪਾਣੀ ਦਾ ਵੀ ਉਚੇਚਾ ਪ੍ਰਬੰਧ ਵੀ ਕੀਤਾ ਗਿਆ। ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਸ਼ਾਮਿਲ ਰਹੀਆਂ ਤੇ ਰੱਬੀ ਬਾਣੀ ਦਾ ਗੁਣਗਾਣ ਕੀਤਾ ਗਿਆ।