ਚੰਡੀਗੜ੍ਹ, 21 ਨਵੰਬਰ 2023 – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਦੀਪਕ ਟੀਨੂੰ ਨੂੰ ਪੁਲੀਸ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਬਰਖ਼ਾਸਤ ਸਬ ਇੰਸਪੈਕਟਰ ਪ੍ਰੀਤਪਾਲ ਸਿੰਘ ਨੂੰ ਅੰਤ੍ਰਿਮ ਜ਼ਮਾਨਤ ਦਾ ਲਾਭ ਦੇ ਦਿੱਤਾ ਹੈ। ਟੀਨੂੰ ‘ਤੇ ਦੋਸ਼ ਹੈ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਸੀ ਜਿਸ ਨੇ ਕਤਲ ਲਈ ਸ਼ਾਰਪ ਸ਼ੂਟਰਾਂ ਦਾ ਪ੍ਰਬੰਧ ਕਰਨ ਵਿੱਚ ਮਦਦ ਕੀਤੀ ਸੀ।
ਦੋਸ਼ ਹੈ ਕਿ ਸੀਆਈਏ ਦੀ ਹਿਰਾਸਤ ਦੌਰਾਨ ਦੀਪਕ ਟੀਨੂੰ ਪ੍ਰੀਤਪਾਲ ਸਿੰਘ ਦੀ ਮਦਦ ਨਾਲ ਫਰਾਰ ਹੋ ਗਿਆ ਸੀ। ਪ੍ਰੀਤਪਾਲ ਖ਼ਿਲਾਫ਼ ਅਕਤੂਬਰ 2022 ਵਿੱਚ ਜ਼ਿਲ੍ਹਾ ਮਾਨਸਾ ਵਿੱਚ ਆਈਪੀਸੀ ਦੀਆਂ ਧਾਰਾਵਾਂ 222, 224, 225-ਏ, 212, 216, 120-ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਹ ਸਲਾਖਾਂ ਪਿੱਛੇ ਸੀ।
ਪ੍ਰੀਤਪਾਲ ਦੇ ਵਕੀਲ ਨੇ ਦੱਸਿਆ ਕਿ ਦੋਸ਼ੀ ਦੀਪਕ ਨੇ ਸੁਰੱਖਿਆ ਏਜੰਸੀਆਂ ਨੂੰ ਕਈ ਖੁਫੀਆ ਜਾਣਕਾਰੀਆਂ ਦਿੱਤੀਆਂ ਸਨ। ਸੀ.ਆਈ.ਏ ਸਟਾਫ਼ ਮਾਨਸਾ ਤੋਂ ਭੱਜਣ ਵਾਲੇ ਦਿਨ ਵੀ ਉਸ ਨੇ ਜਾਂਚ ਏਜੰਸੀ ਨੂੰ ਲਾਲਚ ਦਿੱਤਾ ਸੀ ਕਿ ਉਹ ਗੈਂਗਸਟਰਾਂ ਵੱਲੋਂ ਵਰਤੇ ਗਏ ਹਥਿਆਰ ਪ੍ਰਾਪਤ ਕਰਵਾ ਸਕਦਾ ਹੈ।
ਸੀਆਈਏ ਸਟਾਫ ਇਸ ਜਾਲ ਵਿੱਚ ਫਸ ਗਿਆ ਅਤੇ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਅਦਾਲਤ ਨੂੰ ਦੱਸਿਆ ਗਿਆ ਕਿ ਦੀਪਕ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੇ ਹੋਰ ਸਹਿ ਮੁਲਜ਼ਮਾਂ ਸੁਨੀਲ ਕੁਮਾਰ ਲੋਹੀਆ, ਕੁਲਦੀਪ ਸਿੰਘ ਨੂੰ ਜ਼ਮਾਨਤ ਦਾ ਲਾਭ ਦਿੱਤਾ ਗਿਆ ਹੈ। ਹਾਈਕੋਰਟ ਨੇ ਅਗਲੀ ਸੁਣਵਾਈ 25 ਜਨਵਰੀ ਤੈਅ ਕੀਤੀ ਅਤੇ ਇਸ ਦੌਰਾਨ ਅੰਤਰਿਮ ਜ਼ਮਾਨਤ ਦਾ ਲਾਭ ਦੇਣ ਨੂੰ ਮਨਜ਼ੂਰੀ ਦੇ ਦਿੱਤੀ।