ਨਵੀਂ ਦਿੱਲੀ, 22 ਨਵੰਬਰ 2023 – ਪੁਲਿਸ ਮੁਲਾਜ਼ਮਾਂ ਨੂੰ ਅਦਾਲਤ ਵਿੱਚ ਲੇਟ ਆਉਣਾ ਮਹਿੰਗਾ ਪੈ ਗਿਆ ਹੈ। ਅਦਾਲਤ ਵਿੱਚ ਅੱਧਾ ਘੰਟਾ ਦੇਰੀ ਨਾਲ ਪਹੁੰਚਣ ਉਤੇ ਘਾਹ ਕੱਟਣ ਦੀ ਸਜ਼ਾ ਸੁਣਾਈ ਗਈ ਹੈ। ਇਹ ਘਟਨਾ ਮਹਾਰਾਸ਼ਟਰ ਦੀ ਹੈ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਪੁਲਿਸ ਮੁਲਾਜ਼ਮਾਂ ਨੂੰ ਅਦਾਲਤ ਵਿੱਚ ਲੇਟ ਪਹੁੰਚਣ ਉਤੇ ਘਾਟ ਕੱਟਣ ਦਾ ਕੰਮ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਹੈ।
ਇਹ ਮਾਮਲਾ ਮਹਾਰਾਸ਼ਟਰ ਦੇ ਜ਼ਿਲ੍ਹਾ ਪਰਭਣੀ ਦਾ ਹੈ। ਪੁਲਿਸ ਥਾਣਾ ਮਾਨਵਤ ਦੇ ਇਕ ਕਾਂਸਟੇਬਲ ਅਤੇ ਇਕ ਹੈਡ ਕਾਂਸਟੇਬਲ ਨੂੰ ਘਾਹ ਕੱਟਣ ਦੀ ਸਜ਼ਾ ਸੁਣਾਈ ਗਈ ਹੈ। ਇਸ ਸਜ਼ਾ ਤੋਂ ਨਰਾਜ਼ ਹੋਏ ਪੁਲਿਸ ਮੁਲਾਜ਼ਮਾਂ ਨੇ ਆਪਣੇ ਉਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟ ਮੁਤਾਬਕ ਪਰਭਣੀ ਐਸਪੀ ਇੰਚਾਰ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਉਚਿਤ ਕਾਰਵਾਈ ਲਈ ਇਕ ਵਿਸਥਾਰਤ ਰਿਪੋਰਟ ਨਿਆਪਾਲਿਕਾ ਨੂੰ ਭੇਜੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਨੇ 22 ਅਕਤੂਬਰ ਦੀ ਰਾਤ ਨੂੰ ਗਸ਼ਤ ਦੌਰਾਨ ਦੋ ਲੋਕਾਂ ਨੂੰ ਸ਼ੱਕੀ ਹਾਲਤ ਵਿੱਚ ਘੁੰਮਦੇ ਹੋਏ ਫੜ੍ਹਿਆ ਸੀ। ਦੋਵਾਂ ਨੂੰ ਛੁੱਟੀ ਵਾਲੇ ਦਿਨ ਅਦਾਲਤ ਦੇ ਸਾਹਮਣੇ ਸਵੇਰੇ 11 ਵਜੇ ਪੇਸ਼ ਕੀਤਾ ਜਾਣਾ ਸੀ। ਹੁਣ ਦੋਵੇਂ ਪੁਲਿਸ ਮੁਲਾਜ਼ਮ ਸ਼ੱਕੀਆਂ ਨੂੰ ਲੈ ਕੇ ਸਵੇਰੇ 11.30 ਵਜੇ ਅਦਾਲਤ ਪਹੁੰਚੇ, ਜਿਸ ਗੱਲ ਉਤੇ ਨਿਆਂਇਕ ਮੈਜਿਸਟ੍ਰੇਟ ਪਹਿਲਾ ਦਰਜਾ ਨਰਾਜ਼ ਹੋ ਗਏ।