- ਪੁਲਿਸ ਨੇ ਰੇਲਵੇ ਕੁਆਰਟਰ ‘ਚੋਂ ਲਾਸ਼ ਕੀਤੀ ਬਰਾਮਦ,
- ਅਨੀਸ਼ਾ (24) ਰਾਜਸਥਾਨ ਦੀ ਰਹਿਣ ਵਾਲੀ ਸੀ
ਜਲੰਧਰ, 23 ਨਵੰਬਰ 2023 – ਜਲੰਧਰ ਦੀ ਰੇਲਵੇ ਕਲੋਨੀ ‘ਚ RPF ਮਹਿਲਾ ਕਾਂਸਟੇਬਲ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਅਨੀਸ਼ਾ (24) ਵਜੋਂ ਹੋਈ ਹੈ। ਉਹ ਮੂਲ ਰੂਪ ਤੋਂ ਰਾਜਸਥਾਨ ਦੀ ਰਹਿਣ ਵਾਲੀ ਸੀ। ਅਨੀਸ਼ਾ ਦਾ ਪਤੀ ਵੀ ਉਸ ਦੇ ਨਾਲ ਰੇਲਵੇ ਕਲੋਨੀ ਵਿੱਚ ਰਹਿੰਦਾ ਸੀ। ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਨਵੀ ਬਾਰਾਦਰੀ ਦੇ ਐਸਐਚਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ। ਫਿਲਹਾਲ ਮੁੱਢਲੀ ਜਾਂਚ ‘ਚ ਇਹ ਫਾਹਾ ਲੈ ਕੇ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਬੁੱਧਵਾਰ ਦੇਰ ਸ਼ਾਮ ਪੁਲਸ ਨੂੰ ਰੇਲਵੇ ਕਲੋਨੀ ਸਥਿਤ ਰੇਲਵੇ ਕੁਆਟਰਾਂ ਦੇ ਅੰਦਰੋਂ ਔਰਤ ਦੀ ਲਾਸ਼ ਬਰਾਮਦ ਹੋਈ।
ਐਸਐਚਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਜਲੰਧਰ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ਇਸ ਦੇ ਨਾਲ ਹੀ ਕ੍ਰਾਈਮ ਸੀਨ ਦੀ ਜਾਂਚ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਅਨੀਸ਼ਾ ਦੇ ਪਰਿਵਾਰ ਵਾਲਿਆਂ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਨੇ ਅਨੀਸ਼ਾ ਦੇ ਪਤੀ ਅੰਕੁਰ ਕੁਮਾਰ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਹੈ। ਜੇਕਰ ਪੋਸਟਮਾਰਟਮ ਰਿਪੋਰਟ ‘ਚ ਕੁਝ ਹੋਰ ਸਾਹਮਣੇ ਆਇਆ ਤਾਂ ਉਸ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੂੰ ਮ੍ਰਿਤਕ ਦੇ ਸਰੀਰ ‘ਤੇ ਨਿਸ਼ਾਨ ਵੀ ਮਿਲੇ ਹਨ।