- ਕਤਰ ਅਤੇ ਮਿਸਰ ਦੀ ਵਿਚੋਲਗੀ ਤੋਂ ਬਾਅਦ ਇਜ਼ਰਾਈਲ ਅਤੇ ਹਮਾਸ ਹੋਏ ਜੰਗਬੰਦੀ ਲਈ ਰਾਜ਼ੀ
ਨਵੀਂ ਦਿੱਲੀ, 24 ਨਵੰਬਰ 2023 – ਇਜ਼ਰਾਈਲ-ਹਮਾਸ ਜੰਗ ਦਾ ਅੱਜ 47ਵਾਂ ਦਿਨ ਹੈ। ਅੱਜ ਤੋਂ 4 ਦਿਨਾਂ ਲਈ ਜੰਗਬੰਦੀ ਸ਼ੁਰੂ ਹੋ ਰਹੀ ਹੈ। ਕਤਰ ਅਤੇ ਮਿਸਰ ਦੀ ਵਿਚੋਲਗੀ ਤੋਂ ਬਾਅਦ ਇਜ਼ਰਾਈਲ ਅਤੇ ਹਮਾਸ ਜੰਗਬੰਦੀ ਲਈ ਰਾਜ਼ੀ ਹੋ ਗਏ ਹਨ। ਇਸ ਤਹਿਤ ਬੰਧਕ ਬਣਾਏ ਗਏ ਲੋਕਾਂ ਨੂੰ ਰਿਹਾਅ ਕੀਤਾ ਜਾਵੇਗਾ। ਬਦਲੇ ਵਿੱਚ ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। 7 ਅਕਤੂਬਰ ਨੂੰ ਹਮਾਸ ਦੇ ਅੱਤਵਾਦੀਆਂ ਨੇ ਗਾਜ਼ਾ ‘ਚ 240 ਲੋਕਾਂ ਨੂੰ ਬੰਧਕ ਬਣਾ ਲਿਆ ਸੀ।
ਵੀਰਵਾਰ ਨੂੰ ਇਜ਼ਰਾਇਲੀ ਫੌਜ ਨੇ ਕਿਹਾ ਕਿ ਲੇਬਨਾਨੀ ਅੱਤਵਾਦੀ ਸੰਗਠਨ ਹਿਜ਼ਬੁੱਲਾ ਨੇ ਇਜ਼ਰਾਈਲ ਵੱਲ 50 ਰਾਕੇਟ ਦਾਗੇ। ਇਨ੍ਹਾਂ ਵਿੱਚੋਂ 20 ਲੇਬਨਾਨ ਵਿੱਚ ਹੀ ਡਿੱਗੇ। ਜਵਾਬੀ ਕਾਰਵਾਈ ਵਿੱਚ, ਸੈਨਿਕਾਂ ਨੇ ਹਿਜ਼ਬੁੱਲਾ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਹਮਾਸ ਦੇ ਹਮਲੇ ਤੋਂ ਇਕ ਦਿਨ ਬਾਅਦ 8 ਅਕਤੂਬਰ ਤੋਂ ਹਿਜ਼ਬੁੱਲਾ ਇਜ਼ਰਾਈਲ ਵਿਚ ਹਮਲੇ ਕਰ ਰਿਹਾ ਹੈ।
ਅੱਜ ਸ਼ਾਮ 4 ਵਜੇ (7:30 IST) ਹਮਾਸ ਬੰਧਕਾਂ ਨੂੰ ਰਿਹਾਅ ਕਰਨਾ ਸ਼ੁਰੂ ਕਰ ਦੇਵੇਗਾ। 150 ਫਲਸਤੀਨੀ ਕੈਦੀਆਂ ਦੇ ਬਦਲੇ ਕੁੱਲ 50 ਬੰਧਕਾਂ ਨੂੰ ਰਿਹਾਅ ਕਰਨ ‘ਤੇ ਸਹਿਮਤੀ ਬਣੀ ਹੈ। ਹਮਾਸ 13 ਬੰਧਕਾਂ (ਔਰਤਾਂ ਅਤੇ ਬੱਚਿਆਂ) ਨੂੰ ਰਿਹਾਅ ਕਰੇਗਾ। ਜਦਕਿ ਇਜ਼ਰਾਈਲ 39 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ। ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਹਮਾਸ ਹਰ 3 ਫਲਸਤੀਨੀ ਕੈਦੀਆਂ ਲਈ 1 ਬੰਧਕ ਨੂੰ ਰਿਹਾਅ ਕਰੇਗਾ।
ਬੀਬੀਸੀ ਦੀ ਰਿਪੋਰਟ ਮੁਤਾਬਕ ਹਮਾਸ ਦਾ ਕਹਿਣਾ ਹੈ ਕਿ 4 ਦਿਨ ਦੀ ਜੰਗਬੰਦੀ ਦੌਰਾਨ ਗਾਜ਼ਾ ਤੱਕ ਕਾਫੀ ਮਦਦ ਪਹੁੰਚ ਜਾਵੇਗੀ। ਚਾਰੇ ਦਿਨ ਇਜ਼ਰਾਈਲੀ ਫੌਜ ਅਤੇ ਹਮਾਸ ਵੱਲੋਂ ਕੋਈ ਹਮਲਾ ਨਹੀਂ ਕੀਤਾ ਜਾਵੇਗਾ। ਹਰ ਰੋਜ਼, 4 ਟਰੱਕ ਫਿਊਲ ਨਾਲ ਭਰੇ ਅਤੇ 200 ਟਰੱਕ ਜ਼ਰੂਰੀ ਸਮਾਨ ਲੈ ਕੇ ਗਾਜ਼ਾ ਵਿੱਚ ਦਾਖਲ ਹੋਣਗੇ।
7 ਅਕਤੂਬਰ ਤੋਂ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ਵਿੱਚ ਹੁਣ ਤੱਕ 1200 ਇਜ਼ਰਾਇਲੀ ਅਤੇ 14 ਹਜ਼ਾਰ ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 5600 ਤੋਂ ਵੱਧ ਬੱਚੇ ਹਨ।
ਗਾਜ਼ਾ ਸਰਕਾਰ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਜ਼ਰਾਇਲੀ ਫੌਜ ਸਕੂਲਾਂ ਅਤੇ ਮਸਜਿਦਾਂ ‘ਤੇ ਹਮਲੇ ਕਰ ਰਹੀ ਹੈ। ਇੱਥੇ ਕੋਈ ਸੁਰੱਖਿਅਤ ਥਾਂ ਨਹੀਂ ਬਚੀ ਹੈ। ਇੱਥੇ ਰਾਸ਼ਨ ਅਤੇ ਜ਼ਰੂਰੀ ਵਸਤਾਂ ਨਹੀਂ ਪਹੁੰਚ ਸਕੀਆਂ। ਬਿਜਲੀ ਨਹੀਂ ਹੈ ਅਤੇ ਬਾਲਣ ਦੀ ਘਾਟ ਕਾਰਨ ਖੂਹ ਵਿੱਚੋਂ ਪਾਣੀ ਨਹੀਂ ਨਿਕਲ ਰਿਹਾ ਹੈ। ਗਾਜ਼ਾ ਅਕਾਲ ਦੀ ਕਗਾਰ ‘ਤੇ ਹੈ।
ਇਜ਼ਰਾਈਲੀ ਬਲਾਂ ਨੂੰ ਜਬਾਲੀਆ ਨੇੜੇ ਹਮਾਸ ਕਮਾਂਡਰ ਦੇ ਬੱਚਿਆਂ ਦੇ ਬਿਸਤਰੇ ਅਤੇ ਅਲਮਾਰੀਆਂ ਵਿੱਚ ਹਥਿਆਰ ਮਿਲੇ ਹਨ। ਇੱਥੇ 4 ਸੁਰੰਗਾਂ ਵੀ ਮਿਲੀਆਂ ਹਨ। ਇੱਥੇ ਇੱਕ ਵੱਡਾ ਬਿਜਲੀ ਦਾ ਨੈੱਟਵਰਕ ਵੀ ਪਾਇਆ ਗਿਆ ਹੈ। ਹਮਲੇ ਨਾਲ ਸਬੰਧਤ ਕੁਝ ਦਸਤਾਵੇਜ਼ ਅਤੇ ਲੜਾਈ ਦੀ ਯੋਜਨਾ ਵੀ ਇੱਥੇ ਮਿਲੀ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਖੁਫੀਆ ਏਜੰਸੀ ਮੋਸਾਦ ਨੂੰ ਪੂਰੀ ਦੁਨੀਆ ‘ਚ ਹਮਾਸ ਦੇ ਅੱਤਵਾਦੀਆਂ ਦੀ ਭਾਲ ਕਰਨ ਦਾ ਹੁਕਮ ਦਿੱਤਾ ਹੈ। ਉਸ ਨੇ ਇਹ ਹੁਕਮ ਗਾਜ਼ਾ ਵਿੱਚ ਚੱਲ ਰਹੇ ਅਪਰੇਸ਼ਨ ਨੂੰ ਵਧਾਉਂਦੇ ਹੋਏ ਦਿੱਤਾ ਹੈ। ਉਨ੍ਹਾਂ ਕਿਹਾ- ਹਮਾਸ ਦੇ ਅੱਤਵਾਦੀ ਜਿੱਥੇ ਵੀ ਹਨ, ਉਨ੍ਹਾਂ ਨੂੰ ਫੜਿਆ ਜਾਣਾ ਚਾਹੀਦਾ ਹੈ। ਜ਼ਿਆਦਾਤਰ ਨੇਤਾ ਕਤਰ ਅਤੇ ਬੇਰੂਤ ਵਿਚ ਰਹਿੰਦੇ ਹਨ।