- ਟਰੈਕਟਰ ‘ਚੋਂ ਟਰਾਲੀ ਦੀ ਹੁੱਕ ਨਿਕਲਣ ਕਾਰਨ ਵਾਪਰਿਆ ਹਾਦਸਾ,
- ਹਾਦਸੇ ‘ਚ 35 ਤੋਂ ਵੱਧ ਲੋਕ ਜ਼ਖਮੀ,
- ਪਾਤੜਾਂ ਤੋਂ ਰਾਜਸਥਾਨ ਜਾ ਰਹੇ ਸੀ ਸਾਰੇ ਸ਼ਰਧਾਲੂ
ਸਿਰਸਾ, 24 ਨਵੰਬਰ 2023 – ਸਿਰਸਾ ਦੇ ਪਿੰਡ ਰੂਪਵਾਸ ਨੇੜੇ ਨੌਹਰ ਚੋਪਟਾ ਰੋਡ ‘ਤੇ ਵੀਰਵਾਰ ਦੇਰ ਰਾਤ ਇਕ ਟਰੈਕਟਰ ਟਰਾਲੀ ਪਲਟ ਗਈ। ਜਿਸ ਵਿੱਚ ਗੋਗਾਮੇੜੀ ਜਾ ਰਹੇ ਪੰਜਾਬ ਦੇ 5 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 35 ਤੋਂ ਵੱਧ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਰਸਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਜ਼ਖਮੀਆਂ ਨੂੰ ਪਹਿਲਾਂ ਐਂਬੂਲੈਂਸ ਦੀ ਮਦਦ ਨਾਲ ਨਾਥੂਸਰੀ ਚੋਪਟਾ ਦੇ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ। ਜ਼ਖਮੀਆਂ ਦੀ ਹਾਲਤ ਗੰਭੀਰ ਹੁੰਦੀ ਦੇਖ ਕੇ ਉੱਥੋਂ ਦੇ ਡਾਕਟਰ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਸਿਰਸਾ ਰੈਫਰ ਕਰ ਦਿੱਤਾ। ਟਰੈਕਟਰ ਟਰਾਲੀ ਵਿੱਚ 40 ਲੋਕ ਸਵਾਰ ਸਨ।
ਹਾਦਸੇ ਦਾ ਕਾਰਨ ਟਰੈਕਟਰ ਟਰਾਲੀ ਦੀ ਹੁੱਕ ਦੀ ਪਿੰਨ ਦਾ ਨਿਕਲਣਾ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਚੌਪਟਾ ਥਾਣਾ ਪੁਲਸ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਬਾਅਦ ਸਿਰਸਾ ਤੋਂ ਐਂਬੂਲੈਂਸ ਗੱਡੀਆਂ ਮੌਕੇ ’ਤੇ ਪੁੱਜ ਗਈਆਂ।
ਪੁਲੀਸ ਨੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸਿਰਸਾ ਦੇ ਸਿਵਲ ਹਸਪਤਾਲ ਪਹੁੰਚਾਇਆ। ਸਾਰੇ ਸ਼ਰਧਾਲੂ ਪੰਜਾਬ ਦੀ ਪਾਤੜਾਂ ਮੰਡੀ ਤੋਂ ਰਾਜਸਥਾਨ ਦੇ ਗੋਗਾਮੇੜੀ ਧਾਮ ਜਾ ਰਹੇ ਸਨ।
ਹਾਦਸੇ ਤੋਂ ਬਾਅਦ ਰੌਲਾ ਸੁਣ ਕੇ ਪਿੰਡ ਵਾਸੀ ਮੌਕੇ ਵੱਲ ਭੱਜੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਕਈ ਜ਼ਖਮੀਆਂ ਦੀ ਹਾਲਤ ਕਾਫੀ ਗੰਭੀਰ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਪੋਸਟਮਾਰਟਮ ਰੂਮ ਵਿੱਚ ਰਖਵਾਇਆ ਗਿਆ ਹੈ। ਲਾਸ਼ਾਂ ਦਾ ਅੱਜ ਪੋਸਟ ਮਾਰਟਮ ਕੀਤਾ ਜਾਵੇਗਾ।